ਕਾਠਮੰਡੂ, 28 ਅਗਸਤ 2026 (ਹਰਸ਼ਪ੍ਰੀਤ ਕੌਰ) : ਨੇਪਾਲ ਦੇ ਰਾਸੁਵਾ ਜ਼ਿਲ੍ਹੇ ਵਿੱਚ ਭੋਟੇ ਕੋਸ਼ੀ ਨਦੀ ਦੇ ਭਿਆਨਕ ਹੜ੍ਹ ਤੋਂ ਬਾਅਦ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਨੇਪਾਲ ਦੀ National Disaster Risk Reduction and Management Authority (NDRRMA) ਦੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਤੱਕ 389 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 977 ਲੋਕ ਲਾਪਤਾ ਦੱਸੇ ਜਾ ਰਹੇ ਹਨ। NDRRMA ਵੱਲੋਂ ਜਾਰੀ ਕੀਤੀ ਗਈ 6ਵੀਂ ਸਥਿਤੀ ਰਿਪੋਰਟ ਅਨੁਸਾਰ ਲਾਪਤਾ ਲੋਕਾਂ ਵਿੱਚ ਨੇਪਾਲ ਪੁਲਿਸ ਦੇ 28, ਨੇਪਾਲ ਆਰਮੀ ਦੇ 45, ਆਰਮਡ ਪੁਲਿਸ ਫੋਰਸ ਦੇ 13, ਕਸਟਮ ਵਿਭਾਗ ਦੇ 15 ਅਤੇ ਇਮੀਗ੍ਰੇਸ਼ਨ ਵਿਭਾਗ ਦੇ 4 ਕਰਮਚਾਰੀ ਸ਼ਾਮਲ ਹਨ।
ਲਾਪਤਾ ਲੋਕਾਂ ਵਿੱਚ ਵਿਦੇਸ਼ੀ ਨਾਗਰਿਕ ਵੀ
ਰਿਪੋਰਟ ਮੁਤਾਬਕ ਲਾਪਤਾ ਲੋਕਾਂ ਵਿੱਚ 517 ਵਿਦੇਸ਼ੀ ਨਾਗਰਿਕ ਅਤੇ ਨੇਪਾਲ ਘੁੰਮਣ ਆਏ 127 ਨੇਪਾਲੀ ਮੂਲ ਦੇ ਵਿਦੇਸ਼ਾਂ ਵਿੱਚ ਰਹਿੰਦੇ ਨਾਗਰਿਕ ਵੀ ਸ਼ਾਮਲ ਹਨ। ਹੜ੍ਹ ਵਿੱਚ ਘੱਟੋ-ਘੱਟ 73 ਲੋਕ ਜ਼ਖਮੀ ਹੋਏ ਹਨ। ਬਚਾਅ ਅਤੇ ਰਾਹਤ ਕਾਰਜਾਂ ਲਈ 13,295 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ ਨੇਪਾਲ ਪੁਲਿਸ ਦੇ 7,250, ਨੇਪਾਲ ਆਰਮੀ ਦੇ 4,200 ਅਤੇ ਆਰਮਡ ਪੁਲਿਸ ਫੋਰਸ ਦੇ 1,845 ਜਵਾਨ ਸ਼ਾਮਲ ਹਨ।
15 ਹੈਲੀਕਾਪਟਰਾਂ ਨਾਲ ਚੱਲ ਰਿਹਾ ਰੈਸਕਿਊ ਆਪਰੇਸ਼ਨ
ਬਚਾਅ ਮੁਹਿੰਮ ਵਿੱਚ ਨੇਪਾਲ ਆਰਮੀ ਦੇ 6 ਅਤੇ ਨਿੱਜੀ ਖੇਤਰ ਦੇ 9 ਹੈਲੀਕਾਪਟਰਾਂ ਸਮੇਤ ਕੁੱਲ 15 ਹੈਲੀਕਾਪਟਰ ਲਗਾਏ ਗਏ ਹਨ। ਹੈਲੀਕਾਪਟਰਾਂ ਰਾਹੀਂ ਹੁਣ ਤੱਕ 1,976 ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ। ਰਾਹਤ ਅਤੇ ਬਚਾਅ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ 12 ਵਿਸ਼ੇਸ਼ ਐਮਰਜੈਂਸੀ ਕੋਆਰਡੀਨੇਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ। ਇਹ ਟੀਮਾਂ ਖੋਜ ਅਤੇ ਬਚਾਅ, ਸਿਹਤ ਸੇਵਾਵਾਂ, ਸੰਚਾਰ, ਬਿਜਲੀ ਬਹਾਲੀ, ਸੜਕਾਂ ਦੀ ਮੁਰੰਮਤ ਅਤੇ ਰਾਹਤ ਸਮੱਗਰੀ ਵੰਡਣ ਵਰਗੇ ਕੰਮਾਂ ਦੀ ਨਿਗਰਾਨੀ ਕਰ ਰਹੀਆਂ ਹਨ।
ਨੇਪਾਲ ਸਰਕਾਰ ਨੇ 2.5 ਕਰੋੜ ਰੁਪਏ ਜਾਰੀ ਕੀਤੇ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਰਾਹਤ ਲਈ ਨੇਪਾਲ ਸਰਕਾਰ ਨੇ 25 ਮਿਲੀਅਨ ਨੇਪਾਲੀ ਰੁਪਏ ਜਾਰੀ ਕੀਤੇ ਹਨ। ਇਸ ਵਿੱਚ ਰਾਸੁਵਾ ਅਤੇ ਨੁਵਾਕੋਟ ਲਈ 10-10 ਮਿਲੀਅਨ ਅਤੇ ਧਾਦਿੰਗ ਲਈ 5 ਮਿਲੀਅਨ ਰੁਪਏ ਰੱਖੇ ਗਏ ਹਨ। ਇਸ ਦੌਰਾਨ ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਾਂ ਲਈ ਇੱਕ Emergency Control Room ਵੀ ਸਥਾਪਤ ਕੀਤਾ ਹੈ। ਇਸ ਦਾ ਉਦੇਸ਼ ਲਾਪਤਾ ਵਿਦੇਸ਼ੀ ਨਾਗਰਿਕਾਂ ਦੀ ਜਾਣਕਾਰੀ ਦੀ ਪੁਸ਼ਟੀ, ਖੋਜ ਅਤੇ ਬਚਾਅ ਕਾਰਜਾਂ ਅਤੇ ਕੌਂਸਲਰ ਸਹਾਇਤਾ ਦਾ ਤਾਲਮੇਲ ਕਰਨਾ ਹੈ।
84 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ
ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ 84 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਇਨ੍ਹਾਂ ਵਿੱਚ ਨੇਪਾਲ ਦੇ ਤ੍ਰਿਸ਼ੂਲੀ-1 ਪ੍ਰਾਜੈਕਟ ਵਿੱਚ ਕੰਮ ਕਰ ਰਹੇ 63 ਭਾਰਤੀ ਕਰਮਚਾਰੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਤਾਮਿਲਨਾਡੂ ਦੇ 21 ਲੋਕਾਂ ਨੂੰ ਵੀ ਬਚਾਇਆ ਗਿਆ ਹੈ, ਜੋ ਕੈਲਾਸ਼ ਮਾਨਸਰੋਵਰ ਯਾਤਰਾ ਲਈ ਨੇਪਾਲ ਗਏ ਸਨ। ਭਾਰਤੀ ਅਧਿਕਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਜੇ ਵੀ ਉਨ੍ਹਾਂ ਭਾਰਤੀ ਨਾਗਰਿਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਨੇਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਨੇ ਹੜ੍ਹ ਪ੍ਰਭਾਵਿਤ ਨੁਵਾਕੋਟ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਸਥਿਤੀ ਚੁਣੌਤੀਪੂਰਨ ਹੈ ਅਤੇ ਸਰਕਾਰ ਦੀਆਂ ਸਾਰੀਆਂ ਮਸ਼ੀਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਮੁਤਾਬਕ ਇਸ ਸਮੇਂ ਸਰਕਾਰ ਦੀ ਪਹਿਲੀ ਤਰਜੀਹ ਲੋਕਾਂ ਦੀ ਜਾਨ ਬਚਾਉਣਾ, ਲਾਪਤਾ ਵਿਅਕਤੀਆਂ ਦੀ ਭਾਲ, ਜ਼ਖਮੀਆਂ ਦਾ ਇਲਾਜ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣਾ ਹੈ। ਭਿਆਨਕ ਫਲੈਸ਼ ਫਲੱਡ ਨੇ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਦਰਿਆ ਪ੍ਰਣਾਲੀ ਵਿੱਚ ਪਾਣੀ ਦੇ ਨਾਲ ਭਾਰੀ ਮਲਬਾ ਅਤੇ ਵੱਡੇ ਪੱਥਰ ਵਹਾ ਦਿੱਤੇ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।







