ਸਰੀ, ਬ੍ਰਿਟਿਸ਼ ਕੋਲੰਬੀਆ, 28 ਅਗਸਤ 2026 (ਰਾਜੇਸ਼ ਕੁਮਾਰ) : ਦੁਨੀਆ ਭਰ ਵਿੱਚ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਾਲੇ 2026 ਧਾਹਨ ਪ੍ਰਾਈਜ਼ ਫਾਰ ਪੰਜਾਬੀ ਲਿਟਰੇਚਰ ਦੇ ਫਾਈਨਲ ਮੁਕਾਬਲੇ ਲਈ ਤਿੰਨ ਲੇਖਕਾਂ ਦੀ ਚੋਣ ਕੀਤੀ ਗਈ ਹੈ। ਤਿੰਨੋਂ ਫਾਈਨਲਿਸਟਾਂ ਵਿਚਕਾਰ ਕੁੱਲ 51,000 ਕੈਨੇਡੀਅਨ ਡਾਲਰ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਪੁਰਸਕਾਰ ਦਾ ਮੁੱਖ ਜੇਤੂ 25,000 ਕੈਨੇਡੀਅਨ ਡਾਲਰ ਹਾਸਲ ਕਰੇਗਾ, ਜਦਕਿ ਬਾਕੀ ਦੋ ਫਾਈਨਲਿਸਟਾਂ ਨੂੰ 10,000-10,000 ਡਾਲਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਤਿੰਨੋਂ ਜੇਤੂ ਕਿਤਾਬਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਿਤ ਕਰਨ ਲਈ 6,000 ਕੈਨੇਡੀਅਨ ਡਾਲਰ ਦੀ ਵਾਧੂ ਰਕਮ ਰੱਖੀ ਗਈ ਹੈ।
ਪਾਕਿਸਤਾਨ ਤੋਂ ਦੋ, ਭਾਰਤ ਤੋਂ ਇੱਕ ਲੇਖਕ ਫਾਈਨਲ ਵਿੱਚ
2026 ਦੇ ਫਾਈਨਲਿਸਟਾਂ ਦਾ ਐਲਾਨ ਸਰੀ ਲਾਇਬ੍ਰੇਰੀਜ਼ ਦੀ ਨਿਊਟਨ ਬ੍ਰਾਂਚ ਵਿਖੇ ਕੀਤਾ ਗਿਆ। ਇਸ ਵਾਰ ਫਾਈਨਲ ਲਈ ਕੈਨੇਡਾ, ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਬ੍ਰਿਟੇਨ ਤੋਂ ਮਿਲੀਆਂ 58 ਯੋਗ ਐਂਟਰੀਆਂ ਵਿੱਚੋਂ ਚੋਣ ਕੀਤੀ ਗਈ।
ਫਾਈਨਲ ਵਿੱਚ ਪਹੁੰਚਣ ਵਾਲੇ ਲੇਖਕ ਹਨ:
- ਅੰਬਰ ਹੁਸੈਨੀ, ਸਰਗੋਧਾ, ਪੰਜਾਬ, ਪਾਕਿਸਤਾਨ — ਸ਼ਾਹਮੁਖੀ ਨਾਵਲ ‘ਨਵਾਂ ਪਿੰਡ’
- ਅਕਮਲ ਸ਼ਹਜ਼ਾਦ ਘੁਮਾਨ, ਇਸਲਾਮਾਬਾਦ, ਪਾਕਿਸਤਾਨ — ਸ਼ਾਹਮੁਖੀ ਨਾਵਲ ‘ਪਰਛਾਵਾਂ’
- ਰਾਜਪ੍ਰੀਤ ਕੌਰ ਬੇਨੀਪਾਲ, ਖੰਨਾ, ਪੰਜਾਬ, ਭਾਰਤ — ਗੁਰਮੁਖੀ ਵਿੱਚ ਲਿਖੀ ਕਹਾਣੀਆਂ ਦੀ ਪੁਸਤਕ ‘ਕਬਰਾਂ ਵਿੱਚ ਉੱਗੇ ਫੁੱਲ’
18 ਨਵੰਬਰ ਨੂੰ ਹੋਵੇਗਾ ਜੇਤੂ ਦਾ ਐਲਾਨ
ਫਾਈਨਲਿਸਟਾਂ ਨੂੰ ਪੁਰਸਕਾਰ ਸਮਾਰੋਹ ਲਈ ਵੈਨਕੂਵਰ ਲਿਆਂਦਾ ਜਾਵੇਗਾ। 18 ਨਵੰਬਰ 2026 ਨੂੰ ਸਰੀ ਦੇ Northview Golf & Country Club ਵਿੱਚ ਹੋਣ ਵਾਲੇ ਸਮਾਗਮ ਦੌਰਾਨ ਇਸ ਸਾਲ ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ। ਧਾਹਨ ਪ੍ਰਾਈਜ਼ ਦੇ ਮੁੱਖ ਸੰਸਥਾਪਕ ਬਰਜ ਐੱਸ. ਧਾਹਨ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਇਹ ਪੁਰਸਕਾਰ ਪੰਜਾਬੀ ਸਾਹਿਤ ਦੇ ਉਨ੍ਹਾਂ ਲੇਖਕਾਂ ਨੂੰ ਸਨਮਾਨਿਤ ਕਰ ਰਿਹਾ ਹੈ ਜੋ ਇਸ ਸਾਹਿਤਕ ਪਰੰਪਰਾ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਫਾਈਨਲਿਸਟ ਪੰਜਾਬੀ ਗਲਪ ਦੀ ਰਚਨਾਤਮਕਤਾ ਅਤੇ ਵਿਭਿੰਨਤਾ ਨੂੰ ਦਰਸਾਉਂਦੇ ਹਨ।
2013 ਵਿੱਚ ਹੋਈ ਸੀ ਪੁਰਸਕਾਰ ਦੀ ਸ਼ੁਰੂਆਤ
ਧਾਹਨ ਪ੍ਰਾਈਜ਼ ਫਾਰ ਪੰਜਾਬੀ ਲਿਟਰੇਚਰ ਦੀ ਸਥਾਪਨਾ 2013 ਵਿੱਚ ਕੀਤੀ ਗਈ ਸੀ। ਇਹ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਪੰਜਾਬੀ ਗਲਪ ਲਈ ਦੁਨੀਆ ਦੇ ਪ੍ਰਮੁੱਖ ਸਾਹਿਤਕ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੋਂ ਹੋਈ, ਜਿੱਥੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਲੰਬੇ ਸਮੇਂ ਤੋਂ ਮਜ਼ਬੂਤ ਮੌਜੂਦਗੀ ਰਹੀ ਹੈ। 2021 ਦੀ ਕੈਨੇਡੀਅਨ ਜਨਗਣਨਾ ਮੁਤਾਬਕ ਪੰਜਾਬੀ ਕੈਨੇਡਾ ਵਿੱਚ ਬੋਲੀ ਜਾਣ ਵਾਲੀਆਂ ਤੀਜੀਆਂ ਸਭ ਤੋਂ ਵੱਧ ਪ੍ਰਚਲਿਤ ਗੈਰ-ਸਰਕਾਰੀ ਭਾਸ਼ਾਵਾਂ ਵਿੱਚ ਸ਼ਾਮਲ ਹੈ। ਇਹ ਪੁਰਸਕਾਰ Canada India Education Society (CIES) ਵੱਲੋਂ ਦਿੱਤਾ ਜਾਂਦਾ ਹੈ ਅਤੇ ਇਸ ਦੀ ਸਥਾਪਨਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ Department of Asian Studies ਨਾਲ ਸਾਂਝੇਦਾਰੀ ਵਿੱਚ ਕੀਤੀ ਗਈ ਸੀ। ਪੁਰਸਕਾਰ ਨੂੰ ਬਰਜ ਅਤੇ ਰੀਟਾ ਧਾਹਨ ਸਮੇਤ ਪਰਿਵਾਰ ਅਤੇ ਦੋਸਤਾਂ ਵੱਲੋਂ ਫੰਡ ਕੀਤਾ ਜਾਂਦਾ ਹੈ। Royal Bank of Canada Foundation ਇਸ ਦਾ ਪ੍ਰਮੁੱਖ ਸਪਾਂਸਰ ਹੈ।







