ਜਿਸ ਮਹਿਫ਼ਿਲ ਵਿੱਚ ਤੁਹਾਨੂੰ ਆਪਣੀ ਘੱਟ ਜਾਣਕਾਰੀ ਦਾ ਅਹਿਸਾਸ ਹੋਵੇ, ਉੱਥੋਂ ਭੱਜੋ ਨਾ ਸਗੋਂ ਉਸੇ ਅਹਿਸਾਸ ਨੂੰ ਆਪਣੀ ਤਰੱਕੀ ਦਾ ਪਹਿਲਾ ਕਦਮ ਬਣਾਓ।
ਮਨੁੱਖੀ ਜੀਵਨ ਇੱਕ ਅਜੀਬ ਉਲਟਫੇਰ ਹੈ ਕਿ ਅਸੀਂ ਅਕਸਰ ਉਨ੍ਹਾਂ ਲੋਕਾਂ ਦੀ ਸੰਗਤ ਤੋਂ ਦੂਰ ਭੱਜਣ ਲੱਗ ਪੈਂਦੇ ਹਾਂ, ਜਿਨ੍ਹਾਂ ਦੇ ਸਾਹਮਣੇ ਸਾਡੀ ਜਾਣਕਾਰੀ ਦੀਆਂ ਹੱਦਾਂ ਸਮਣੇ ਆਓਦੀਆਂ ਹਨ। ਕਿਸੇ ਮਹਿਫ਼ਿਲ ਵਿੱਚ ਕਲਾ, ਸਾਹਿਤ, ਵਿਗਿਆਨ, ਇਤਿਹਾਸ, ਤਕਨਾਲੋਜੀ ਜਾਂ ਕਿਸੇ ਵਿਦੇਸ਼ੀ ਭਾਸ਼ਾ ਬਾਰੇ ਚਰਚਾ ਹੋ ਰਹੀ ਹੋਵੇ ਅਤੇ ਸਾਨੂੰ ਉਸ ਵਿਸ਼ੇ ਦੀ ਸਮਝ ਨਾ ਹੋਵੇ, ਤਾਂ ਸਾਡੇ ਅੰਦਰ ਹੀਣ-ਭਾਵਨਾ ਪੈਦਾ ਹੋਣ ਲੱਗਦੀ ਹੈ। ਜੇਕਰ ਕੋਈ ਇਨਸਾਨ ਸਾਡੀ ਅਣਜਾਣਤਾ ਨੂੰ ਸਮਝਾਉਣ ਦੀ ਬਜਾਏ ਉਸ ਦਾ ਮਜ਼ਾਕ ਉਡਾਉਣ ਲੱਗ ਪਵੇ, ਤਾਂ ਇਹ ਭਾਵਨਾ ਹੋਰ ਵੀ ਡੂੰਘੀ ਹੋ ਜਾਂਦੀ ਹੈ। ਖ਼ਾਸ ਕਰਕੇ ਅੰਗਰੇਜ਼ੀ ਭਾਸ਼ਾ ਨਾ ਜਾਣਨ ਵਾਲੇ ਵਿਅਕਤੀ ਨੂੰ ਕਈ ਵਾਰ ਇਸ ਤਰ੍ਹਾਂ ਸ਼ਰਮਿੰਦਾ ਕੀਤਾ ਜਾਂਦਾ ਹੈ, ਜਿਵੇਂ ਭਾਸ਼ਾ ਦਾ ਗਿਆਨ ਹੀ ਬੁੱਧੀਮਾਨ ਹੋਣ ਦਾ ਪ੍ਰਮਾਣ ਹੋਵੇ। ਪਰ ਸਵਾਲ ਇਹ ਹੈ ਕਿ ਕੀ ਕਿਸੇ ਭਾਸ਼ਾ ਵਿੱਚ ਕਮਜ਼ੋਰ ਹੋਣਾ, ਕਿਸੇ ਕਲਾ ਤੋਂ ਅਣਜਾਣ ਹੋਣਾ ਜਾਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਨਾ ਰੱਖਣਾ ਸੱਚਮੁੱਚ ਸ਼ਰਮ ਦੀ ਗੱਲ ਹੈ? ਬਿਲਕੁਲ ਨਹੀਂ! ਦੁਨੀਆ ਵਿੱਚ ਜਨਮ ਲੈਣ ਵਾਲਾ ਹਰ ਮਨੁੱਖ ਆਪਣੇ ਨਾਲ ਅਸੀਮ ਗਿਆਨ ਲੈ ਕੇ ਨਹੀਂ ਆਉਂਦਾ। ਉਹ ਜੀਵਨ ਦੇ ਤਜਰਬਿਆਂ, ਪੜਚੋਲਾਂ , ਨਿਰੀਖਣ, ਸੰਵਾਦ ਅਤੇ ਅਭਿਆਸ ਰਾਹੀਂ ਸਿੱਖਦਾ ਹੈ। ਇਸ ਲਈ ਅਣਜਾਣਤਾ ਮਨੁੱਖੀ ਸੁਭਾਅ ਦਾ ਹਿੱਸਾ ਹੈ, ਪਰ ਸਿੱਖਣ ਤੋਂ ਇਨਕਾਰ ਕਰਨਾ ਉਸ ਦੀ ਤਰੱਕੀ ਵਿੱਚ ਰੁਕਾਵਟ ਬਣ ਸਕਦਾ ਹੈ।
ਗਿਆਨ ਦੀ ਅਸਲ ਪਛਾਣ ਇਹ ਨਹੀਂ ਕਿ ਤੁਸੀਂ ਕਿੰਨਾ ਜਾਣਦੇ ਹੋ, ਸਗੋਂ ਇਹ ਹੈ ਕਿ ਤੁਸੀਂ ਆਪਣੀ ਅਣਜਾਣਤਾ ਨੂੰ ਕਿੰਨੀ ਇਮਾਨਦਾਰੀ ਨਾਲ ਸਵੀਕਾਰ ਕਰਦੇ ਹੋ। ਸੱਚਮੁੱਚ ਗਿਆਨਵਾਨ ਵਿਅਕਤੀ ਆਪਣੀ ਜਾਣਕਾਰੀ ਦਾ ਪ੍ਰਦਰਸ਼ਨ ਕਰਨ ਲਈ ਦੂਜਿਆਂ ਨੂੰ ਨੀਵਾਂ ਨਹੀਂ ਦਿਖਾਉਂਦਾ। ਉਹ ਜਾਣਦਾ ਹੈ ਕਿ ਹਰ ਮਨੁੱਖ ਕੋਲ ਕੋਈ ਨਾ ਕੋਈ ਅਜਿਹਾ ਤਜਰਬਾ, ਹੁਨਰ ਜਾਂ ਦ੍ਰਿਸ਼ਟੀਕੋਣ ਹੁੰਦਾ ਹੈ, ਜਿਸ ਤੋਂ ਕੁਝ ਸਿੱਖਿਆ ਜਾ ਸਕਦਾ ਹੈ। ਇਸ ਦੇ ਉਲਟ, ਜਦੋਂ ਕੋਈ ਵਿਅਕਤੀ ਆਪਣੀ ਸਿਆਣਪ ਦੀ ਵਰਤੋਂ ਦੂਜਿਆਂ ਨੂੰ ਨੀਵਾਂ ਕਰਨ ਲਈ ਕਰਦਾ ਹੈ, ਤਾਂ ਉਹ ਗਿਆਨ ਦੀ ਸ਼ਕਤੀ ਨੂੰ ਸਮਝਣ ਦੀ ਬਜਾਏ ਉਸ ਦੀ ਨੁਮਾਇਸ਼ ਕਰ ਰਿਹਾ ਹੁੰਦਾ ਹੈ।
ਮਨੋਵਿਗਿਆਨਕ ਪੱਖੋਂ ਵੀ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਨਾ ਸਿੱਖਣ ਦੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੈ। ਸਿੱਖਿਆ ਦੇ ਖੇਤਰ ਵਿੱਚ ਵਿਕਾਸਮੁਖੀ ਸੋਚ ਦਾ ਸੰਕਲਪ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਯੋਗਤਾਵਾਂ ਨੂੰ ਅਭਿਆਸ, ਮਿਹਨਤ ਅਤੇ ਸਹੀ ਸਿੱਖਣ ਦੀਆਂ ਰਣਨੀਤੀਆਂ ਰਾਹੀਂ ਵਿਕਸਤ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਹਰ ਅਜਿਹੀ ਸਥਿਤੀ ਤੋਂ ਬਚਣ ਲੱਗ ਪਈਏ, ਜਿੱਥੇ ਸਾਡੀ ਜਾਣਕਾਰੀ ਅਧੂਰੀ ਸਾਬਤ ਹੁੰਦੀ ਹੈ, ਤਾਂ ਅਸੀਂ ਆਪਣੀਆਂ ਸੀਮਾਵਾਂ ਨੂੰ ਵੰਗਾਰਨ ਦੇ ਮੌਕੇ ਵੀ ਗੁਆ ਬੈਠਦੇ ਹਾਂ। ਇਸ ਲਈ ਜਦੋਂ ਕਿਸੇ ਮਹਿਫ਼ਿਲ ਵਿੱਚ ਤੁਹਾਨੂੰ ਮਹਿਸੂਸ ਹੋਵੇ ਕਿ ਦੂਜੇ ਲੋਕ ਤੁਹਾਡੇ ਨਾਲੋਂ ਵਧੇਰੇ ਜਾਣਕਾਰੀ ਰੱਖਦੇ ਹਨ, ਤਾਂ ਆਪਣੇ ਆਪ ਨੂੰ ਛੋਟਾ ਸਮਝਣ ਦੀ ਬਜਾਏ ਦਿਲਚਸਪੀ ਨਾਲ ਸੁਣੋ। ਸਵਾਲ ਪੁੱਛੋ, ਨੋਟ ਕਰੋ ਅਤੇ ਜਿੱਥੇ ਲੋੜ ਹੋਵੇ, ਬਿਨਾਂ ਝਿਜਕ ਕਹੋ ਕਿ ਤੁਹਾਨੂੰ ਇਸ ਵਿਸ਼ੇ ਬਾਰੇ ਹੋਰ ਜਾਣਨਾ ਹੈ। ਅੰਗਰੇਜ਼ੀ ਨਹੀਂ ਆਉਂਦੀ ਤਾਂ ਸਿੱਖੋ , ਕਿਸੇ ਕਲਾ ਦਾ ਗਿਆਨ ਨਹੀਂ ਤਾਂ ਉਸ ਬਾਰੇ ਪੜ੍ਹੋ, ਤਕਨਾਲੋਜੀ ਦੀ ਸਮਝ ਨਹੀਂ ਤਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਵਿਸ਼ੇ ਵਿੱਚ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ।
ਹਾਲਾਂਕਿ, ਇੱਥੇ ਇੱਕ ਹੋਰ ਮਹੱਤਵਪੂਰਨ ਫ਼ਰਕ ਸਮਝਣਾ ਵੀ ਜ਼ਰੂਰੀ ਹੈ। ਸਿੱਖਣ ਲਈ ਤਿਆਰ ਨਾ ਹੋਣਾ ਅਤੇ ਅਪਮਾਨ ਸਹਿਣ ਲਈ ਮਜਬੂਰ ਹੋਣਾ ਦੋ ਵੱਖਰੀਆਂ ਗੱਲਾਂ ਹਨ। ਜਿਹੜੀ ਮਹਿਫ਼ਿਲ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ, ਉੱਥੇ ਤੁਹਾਨੂੰ ਸਵਾਲ ਪੁੱਛਣ ਅਤੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਪਰ ਜੇਕਰ ਕੋਈ ਵਿਅਕਤੀ ਲਗਾਤਾਰ ਤੁਹਾਡੀ ਭਾਸ਼ਾ, ਪਿਛੋਕੜ ਜਾਂ ਗਿਆਨ ਦੀ ਘਾਟ ਦਾ ਮਜ਼ਾਕ ਉਡਾਉਂਦਾ ਹੈ, ਤਾਂ ਉਸ ਦੇ ਵਿਹਾਰ ਵਿਰੁੱਧ ਮਰਿਆਦਾ ਨਾਲ ਆਪਣਾ ਪੱਖ ਰੱਖਣਾ ਅਤੇ ਲੋੜ ਪੈਣ ਉੱਤੇ ਦੂਰੀ ਬਣਾਉਣਾ ਵੀ ਸਵੈਮਾਣ ਦਾ ਹਿੱਸਾ ਹੈ। ਹਰ ਗੁਣੀ-ਗਿਆਨੀਆਂ ਦੀ ਸੰਗਤ ਲਾਭਦਾਇਕ ਨਹੀਂ ਹੁੰਦੀ ਅਤੇ ਹਰ ਆਲੋਚਨਾ ਗਿਆਨ ਵਧਾਉਣ ਵਾਲੀ ਨਹੀਂ ਹੁੰਦੀ। ਜੀਵਨ ਵਿੱਚ ਆਪਣੀ ਸੰਗਤ ਦੀ ਚੋਣ ਕਰਦੇ ਸਮੇਂ ਇਹ ਦੇਖੋ ਕਿ ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਨੂੰ ਕਿੰਨਾ ਸਿੱਖਣ, ਸੋਚਣ ਅਤੇ ਬਿਹਤਰ ਬਣਨ ਲਈ ਪ੍ਰੇਰਿਤ ਕਰਦੇ ਹਨ। ਜੇਕਰ ਤੁਸੀਂ ਹਰ ਮਹਿਫ਼ਿਲ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣੇ-ਜਾਣਕਾਰ ਸਮਝਦੇ ਹੋ, ਤਾਂ ਸੰਭਵ ਹੈ ਕਿ ਤੁਹਾਨੂੰ ਆਪਣੇ ਦਾਇਰੇ ਤੋਂ ਬਾਹਰ ਨਿਕਲਣ ਦੀ ਲੋੜ ਹੈ। ਪਰ ਜੇਕਰ ਤੁਸੀਂ ਅਜਿਹੇ ਲੋਕਾਂ ਵਿੱਚ ਬੈਠਦੇ ਹੋ, ਜਿਨ੍ਹਾਂ ਦੇ ਵਿਚਾਰ ਤੁਹਾਨੂੰ ਨਵੇਂ ਸਵਾਲਾਂ ਨਾਲ ਰੂਬਰੂ ਕਰਵਾਉਂਦੇ ਹਨ, ਤਾਂ ਇਹ ਤੁਹਾਡੇ ਦਿਮਾਗੀ ਤਾਕਤ ਦੇ ਵਿਕਾਸ ਦਾ ਮੌਕਾ ਹੈ।
ਯਾਦ ਰੱਖੋ ਕਿ ਮਨੁੱਖ ਦੀ ਮਹਾਨਤਾ ਉਸ ਦੇ ਗਿਆਨ ਦੇ ਮਿਕਦਾਰ ਨਾਲ ਹੀ ਨਹੀਂ, ਸਗੋਂ ਉਸ ਦੀ ਨਿਮਰਤਾ, ਜਗਿਆਸਾ ਅਤੇ ਸਿੱਖਣ ਦੀ ਨਿਰੰਤਰ ਇੱਛਾ ਨਾਲ ਵੀ ਮਾਪੀ ਜਾਂਦੀ ਹੈ। ਦੂਜਿਆਂ ਦੇ ਗਿਆਨ ਤੋਂ ਘਬਰਾਉਣ ਦੀ ਬਜਾਏ ਉਸ ਤੋਂ ਲਾਭ ਉਠਾਓ। ਆਪਣੀ ਅਣਜਾਣਤਾ ਨੂੰ ਕਮਜ਼ੋਰੀ ਨਹੀਂ, ਸਗੋਂ ਸਿੱਖਣ ਦੀ ਸ਼ੁਰੂਆਤ ਮੰਨੋ। ਕਿਉਂਕਿ ਜਿਹੜਾ ਮਨੁੱਖ ਆਪਣੀ ਅਧੂਰੀ ਜਾਣਕਾਰੀ ਨੂੰ ਸਵੀਕਾਰ ਕਰ ਲੈਂਦਾ ਹੈ, ਉਹੀ ਆਪਣੇ ਗਿਆਨ ਨੂੰ ਮੁਕੰਮਲ ਕਰਨ ਦੇ ਰਾਹ ਉੱਤੇ ਤੁਰਦਾ ਹੈ। ਜੇਕਰ ਤੁਸੀਂ ਕਿਸੇ ਕਮਰੇ ਵਿੱਚ ਬੈਠੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਥੇ ਸਭ ਤੋਂ ਵੱਧ ਸਮਝਦਾਰ ਹੋ, ਤਾਂ ਕਦੇ-ਕਦੇ ਕੋਈ ਨਵਾਂ ਕਮਰਾ ਲੱਭੋ, ਪਰ ਅਜਿਹਾ ਕਮਰਾ, ਜਿੱਥੇ ਤੁਹਾਡੀ ਅਣਜਾਣਤਾ ਦਾ ਮਜ਼ਾਕ ਨਾ ਉਡਾਇਆ ਜਾਵੇ, ਸਗੋਂ ਤੁਹਾਡੀ ਜਗਿਆਸਾ ਦਾ ਸਵਾਗਤ ਕੀਤਾ ਜਾਵੇ।
ਛੱਤਰਪਾਲ ਸਿੰਘ
