ਨਵੀਂ ਦਿੱਲੀ, 20 ਸਤੰਬਰ (ਗੁਰਮੀਤ ਸਿੰਘ ਤੁੰਗ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰਨਾਟਕ ਦੌਰੇ ਦੌਰਾਨ ਅਚਾਨਕ ਤਬੀਅਤ ਵਿਗੜ ਗਈ। ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਅਮਿਤ ਸ਼ਾਹ ਨੂੰ ਫੂਡ ਪੋਇਜ਼ਨਿੰਗ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਉਲਟੀਆਂ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੋਈ। ਜੋਸ਼ੀ ਮੁਤਾਬਕ ਹੁਣ ਅਮਿਤ ਸ਼ਾਹ ਦੀ ਸਿਹਤ ਠੀਕ ਹੈ। ਅਮਿਤ ਸ਼ਾਹ ਨੂੰ ਹੁਬਲੀ ਵਿੱਚ ਕੇਐਲਈ ਜਗਦਗੁਰੂ ਗੰਗਾਧਰ ਮਹਾਸਵਾਮੀਗਲੂ ਮੂਰੁਸਾਵਿਰਮਠ ਮੈਡੀਕਲ ਕਾਲਜ ਦੀ ਨਵੀਂ ਅਕਾਦਮਿਕ ਇਮਾਰਤ ਅਤੇ 1,200 ਬਿਸਤਰਿਆਂ ਵਾਲੇ ਕੇਐਲਈ ਹਸਪਤਾਲ ਤੇ ਮੈਡੀਕਲ ਰਿਸਰਚ ਸੈਂਟਰ ਦੇ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਸਿਹਤ ਖਰਾਬ ਹੋਣ ਕਾਰਨ ਉਹ ਮੁੱਖ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।
ਇਸ ਤੋਂ ਇਲਾਵਾ, ਬੇਲਗਾਵੀ ਜ਼ਿਲ੍ਹੇ ਦੇ ਐਕਸੰਬਾ ਵਿੱਚ ਵੀ ਉਨ੍ਹਾਂ ਦਾ ਇੱਕ ਪ੍ਰੋਗਰਾਮ ਨਿਰਧਾਰਤ ਸੀ, ਜਿਸ ਵਿੱਚ ਸ਼੍ਰੀ ਬੀਰੇਸ਼ਵਰਾ ਕੋਆਪਰੇਟਿਵ ਕ੍ਰੈਡਿਟ ਸੋਸਾਇਟੀ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਸੀ। ਸਿਹਤ ਕਾਰਨਾਂ ਕਰਕੇ ਇਹ ਪ੍ਰੋਗਰਾਮ ਵੀ ਪ੍ਰਭਾਵਿਤ ਹੋਇਆ। ਰਿਪੋਰਟਾਂ ਮੁਤਾਬਕ ਡਾਕਟਰਾਂ ਦੀ ਸਲਾਹ ’ਤੇ ਅਮਿਤ ਸ਼ਾਹ ਨੇ ਕੁਝ ਸਮਾਂ ਹੋਟਲ ਵਿੱਚ ਆਰਾਮ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਹੁਬਲੀ ਸਥਿਤ ਕੈਂਪਸ ਦਾ ਸੰਖੇਪ ਦੌਰਾ ਕੀਤਾ ਅਤੇ ਫਿਰ ਦਿੱਲੀ ਲਈ ਰਵਾਨਾ ਹੋ ਗਏ। ਪ੍ਰਹਿਲਾਦ ਜੋਸ਼ੀ ਨੇ ਅਮਿਤ ਸ਼ਾਹ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ।







