ਨਵੀਂ ਦਿੱਲੀ, 8 ਨਵੰਬਰ 2026 (ਛਤਰਪਾਲ ਸਿੰਘ ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੇ 100ਵੇਂ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜੀਵਨ, ਸਿਆਸੀ ਸਫ਼ਰ ਅਤੇ ਦੇਸ਼ ਲਈ ਯੋਗਦਾਨ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਲੇਖ ਲਿਖਿਆ। ਇਸ ਲੇਖ ਵਿੱਚ ਉਨ੍ਹਾਂ ਨੇ ਅਡਵਾਨੀ ਦੇ ਭਾਰਤੀ ਰਾਜਨੀਤੀ ਵਿੱਚ ਯੋਗਦਾਨ, ਭਾਜਪਾ ਦੇ ਨਿਰਮਾਣ, ਲੋਕਤੰਤਰ ਦੀ ਰੱਖਿਆ ਅਤੇ ਰਾਮ ਮੰਦਰ ਅੰਦੋਲਨ ਨਾਲ ਜੁੜੀਆਂ ਕਈ ਅਹਿਮ ਯਾਦਾਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਲੇਖ ਸਾਂਝਾ ਕਰਦਿਆਂ ਕਿਹਾ ਕਿ ਅਡਵਾਨੀ ਨੇ ਕਈ ਪੀੜ੍ਹੀਆਂ ਦੇ ਪਾਰਟੀ ਵਰਕਰਾਂ ਨੂੰ ਤਿਆਰ ਕੀਤਾ ਅਤੇ ਭਾਜਪਾ ਨੂੰ ‘ਰਾਸ਼ਟਰ ਪਹਿਲਾਂ’ ਦੇ ਸਿਧਾਂਤ ‘ਤੇ ਆਧਾਰਿਤ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਉਨ੍ਹਾਂ ਮੁਤਾਬਕ ਅਡਵਾਨੀ ਦੀ ਵਿਚਾਰਧਾਰਕ ਸਪੱਸ਼ਟਤਾ ਅਤੇ ਬੌਧਿਕ ਸਮਰੱਥਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਰਹੇ ਹਨ।
ਮੋਦੀ ਨੇ ਲੇਖ ਵਿੱਚ 1947 ਦੀ ਵੰਡ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਸਮੇਂ ਨੌਜਵਾਨ ਅਡਵਾਨੀ ਨੂੰ ਸਿੰਧ ਵਿੱਚ ਆਪਣਾ ਘਰ-ਬਾਰ ਛੱਡਣਾ ਪਿਆ ਸੀ। ਇਸ ਮੁਸ਼ਕਲ ਦੌਰ ਦੇ ਬਾਵਜੂਦ ਉਨ੍ਹਾਂ ਨੇ ਬਿਨਾਂ ਕਿਸੇ ਕੁੜੱਤਣ ਦੇ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਿਆ ਅਤੇ ਬਾਅਦ ਵਿੱਚ ਜਨਸੰਘ ਤੇ ਭਾਜਪਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਅਡਵਾਨੀ ਦੀ ਸਾਂਝ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਦੋ ਵੱਡੇ ਸਿਆਸੀ ਆਗੂਆਂ ਦਾ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਅਤੇ ਮੁਕਾਬਲੇਬਾਜ਼ੀ ਦੀ ਬਜਾਏ ਸਹਿਯੋਗ ਦੀ ਭਾਵਨਾ ਕਾਇਮ ਰੱਖਣਾ ਇੱਕ ਵਿਲੱਖਣ ਮਿਸਾਲ ਹੈ। ਦੋਵਾਂ ਆਗੂਆਂ ਨੇ ਮਿਲ ਕੇ ਭਾਰਤੀ ਰਾਜਨੀਤੀ ਦੀ ਦਿਸ਼ਾ ਬਦਲਣ ਵਿੱਚ ਭੂਮਿਕਾ ਨਿਭਾਈ।
ਅਡਵਾਨੀ ਦੇ ਸਿਆਸੀ ਸਫ਼ਰ ਬਾਰੇ ਗੱਲ ਕਰਦਿਆਂ ਮੋਦੀ ਨੇ ਦੱਸਿਆ ਕਿ ਉਹ 1967 ਵਿੱਚ ਦਿੱਲੀ ਮੈਟਰੋਪੋਲੀਟਨ ਕੌਂਸਲ ਦੇ ਚੇਅਰਮੈਨ ਬਣੇ ਅਤੇ 1970 ਵਿੱਚ ਉਨ੍ਹਾਂ ਦੀ ਸੰਸਦੀ ਪਾਰੀ ਸ਼ੁਰੂ ਹੋਈ। ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾਵਾਂ ਨਿਭਾਈਆਂ। ਸੰਸਦ ਵਿੱਚ ਉਨ੍ਹਾਂ ਦੇ ਵਿਚਾਰਾਂ ਅਤੇ ਬਹਿਸਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਸਨਮਾਨ ਮਿਲਦਾ ਰਿਹਾ। ਪ੍ਰਧਾਨ ਮੰਤਰੀ ਨੇ 1975 ਵਿੱਚ ਲਗਾਈ ਗਈ ਐਮਰਜੈਂਸੀ ਨੂੰ ਅਡਵਾਨੀ ਦੇ ਜੀਵਨ ਦਾ ਇੱਕ ਅਹਿਮ ਮੋੜ ਦੱਸਿਆ। ਉਨ੍ਹਾਂ ਕਿਹਾ ਕਿ ਅਡਵਾਨੀ ਨੇ ਲੋਕਤੰਤਰ ਦੀ ਰੱਖਿਆ ਲਈ ਸਰਗਰਮ ਭੂਮਿਕਾ ਨਿਭਾਈ ਅਤੇ ਜੇਲ੍ਹ ਦੌਰਾਨ ਆਪਣੇ ਤਜਰਬਿਆਂ ਨੂੰ ਆਪਣੀ ਕਿਤਾਬ ‘ਏ ਪ੍ਰਿਜ਼ਨਰਜ਼ ਸਕ੍ਰੈਪ-ਬੁੱਕ’ ਵਿੱਚ ਦਰਜ ਕੀਤਾ। ਇਸ ਕਿਤਾਬ ਦੇ ‘ਏ ਟੇਲ ਆਫ ਟੂ ਐਮਰਜੈਂਸੀਜ਼’ ਨਾਮਕ ਹਿੱਸੇ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਜੂਨ 1975 ਤੋਂ ਸ਼ੁਰੂ ਹੋਏ ਹਾਲਾਤਾਂ ਅਤੇ 1933 ਦੇ ਨਾਜ਼ੀ ਜਰਮਨੀ ਦੇ ਘਟਨਾਕ੍ਰਮ ਵਿਚਕਾਰ ਸਮਾਨਤਾਵਾਂ ਦਾ ਜ਼ਿਕਰ ਕੀਤਾ ਸੀ।
ਮੋਦੀ ਨੇ ਅਡਵਾਨੀ ਨੂੰ ਇੱਕ ਪਾਸੇ ਮਜ਼ਬੂਤ ਵਿਰੋਧੀ ਧਿਰ ਦੇ ਆਗੂ ਅਤੇ ਦੂਜੇ ਪਾਸੇ ਕੁਸ਼ਲ ਪ੍ਰਸ਼ਾਸਕ ਦੱਸਿਆ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਜੋਂ ਅਡਵਾਨੀ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਅੱਤਵਾਦ ਵਿਰੁੱਧ ਉਨ੍ਹਾਂ ਦਾ ਸਖ਼ਤ ਰੁਖ਼ ਅਤੇ ਸੁਰੱਖਿਆ ਬਲਾਂ ਦੀ ਭਲਾਈ ਲਈ ਕੀਤੇ ਗਏ ਉਪਰਾਲੇ ਵੀ ਉਨ੍ਹਾਂ ਦੇ ਕਾਰਜਕਾਲ ਦਾ ਮਹੱਤਵਪੂਰਨ ਹਿੱਸਾ ਰਹੇ। ਲੇਖ ਵਿੱਚ ਸੋਮਨਾਥ ਤੋਂ ਅਯੁੱਧਿਆ ਤੱਕ ਕੱਢੀ ਗਈ ਰਾਮ ਰਥ ਯਾਤਰਾ ਨੂੰ ਵੀ ਅਡਵਾਨੀ ਦੇ ਸਿਆਸੀ ਜੀਵਨ ਦਾ ਇੱਕ ਅਹਿਮ ਪੜਾਅ ਦੱਸਿਆ ਗਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਯਾਤਰਾ ਦੀ ਯੋਜਨਾ ਬਣਾਉਣ ਤੋਂ ਲੈ ਕੇ ਇਸ ਨੂੰ ਅਮਲੀ ਰੂਪ ਦੇਣ ਤੱਕ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਯਾਤਰਾ ਦੀ ਸ਼ੁਰੂਆਤ ਸਮੇਂ ਸੋਮਨਾਥ ਵਿਖੇ ਮੌਜੂਦ ਰਹਿਣ ਨੂੰ ਆਪਣੇ ਲਈ ਵਿਸ਼ੇਸ਼ ਯਾਦ ਦੱਸਿਆ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਅਡਵਾਨੀ ਦੀ ਗ੍ਰਿਫ਼ਤਾਰੀ ਅਤੇ ਗੁਜਰਾਤ ਦੀ ਚਿਮਨਭਾਈ ਪਟੇਲ ਸਰਕਾਰ ਤੋਂ ਭਾਜਪਾ ਵੱਲੋਂ ਸਮਰਥਨ ਵਾਪਸ ਲੈਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਰਾਮ ਮੰਦਰ ਨਿਰਮਾਣ ਦੇ ਸੰਕਲਪ ਨੂੰ ਜਾਰੀ ਰੱਖਿਆ ਅਤੇ ਬਾਅਦ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਇਆ।
ਅਡਵਾਨੀ ਦੀ ਨਿੱਜੀ ਜ਼ਿੰਦਗੀ ਅਤੇ ਸਾਦਗੀ ਬਾਰੇ ਗੱਲ ਕਰਦਿਆਂ ਮੋਦੀ ਨੇ ਉਨ੍ਹਾਂ ਨੂੰ ਪੜ੍ਹਨ ਦਾ ਸ਼ੌਕੀਨ, ਅਖ਼ਬਾਰਾਂ ਦਾ ਧਿਆਨ ਨਾਲ ਅਧਿਐਨ ਕਰਨ ਵਾਲਾ ਅਤੇ ਫ਼ਿਲਮਾਂ ਤੇ ਰੰਗਮੰਚ ਵਿੱਚ ਦਿਲਚਸਪੀ ਰੱਖਣ ਵਾਲਾ ਵਿਅਕਤੀ ਦੱਸਿਆ। ਉਨ੍ਹਾਂ ਦੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਇਤਿਹਾਸ ਪ੍ਰਤੀ ਉਨ੍ਹਾਂ ਦੀ ਸਮਝ ਅਤੇ ਦਿਲਚਸਪੀ ਦੀ ਝਲਕ ਮਿਲਦੀ ਹੈ। ਮੋਦੀ ਨੇ ਸਿੰਧੀ ਸੱਭਿਆਚਾਰ ਨਾਲ ਉਨ੍ਹਾਂ ਦੇ ਲਗਾਤਾਰ ਜੁੜਾਅ ਅਤੇ ਲੇਹ ਨੇੜੇ ਸਿੰਧੂ ਦਰਸ਼ਨ ਪੂਜਾ ਨੂੰ ਪ੍ਰਸਿੱਧ ਬਣਾਉਣ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਡਵਾਨੀ ਦੀ ਪਤਨੀ ਕਮਲਾ ਅਡਵਾਨੀ ਨੂੰ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਲਗਾਤਾਰ ਸਹਿਯੋਗ ਅਤੇ ਹੌਸਲਾ ਦੇਣ ਵਾਲੀ ਸ਼ਖ਼ਸੀਅਤ ਵਜੋਂ ਯਾਦ ਕੀਤਾ। ਜ਼ਿਕਰਯੋਗ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਹ 1942 ਵਿੱਚ ਰਾਸ਼ਟਰੀ ਸਵੈਮਸੇਵਕ ਸੰਘ (RSS) ਨਾਲ ਜੁੜੇ ਸਨ। ਉਨ੍ਹਾਂ ਨੇ 1986 ਤੋਂ 1990, 1993 ਤੋਂ 1998 ਅਤੇ 2004 ਤੋਂ 2005 ਤੱਕ ਤਿੰਨ ਵੱਖ-ਵੱਖ ਕਾਰਜਕਾਲਾਂ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਸੇਵਾ ਨਿਭਾਈ। ਅਡਵਾਨੀ 1999 ਤੋਂ 2004 ਤੱਕ ਕੇਂਦਰੀ ਗ੍ਰਹਿ ਮੰਤਰੀ ਰਹੇ ਅਤੇ 2002 ਤੋਂ 2004 ਤੱਕ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਮਾਰਚ 2024 ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।






