ਭੁਵਨੇਸ਼ਵਰ, 27 ਅਕਤੂਬਰ, 2026 (ਛੱਤਰਪਾਲ ਸਿੰਘ): ਚੱਕਰਵਾਤੀ ਤੂਫ਼ਾਨ ‘ਅਰਨਬ’ ਦੇ 28 ਅਕਤੂਬਰ ਨੂੰ ਤੱਟੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਨੇ ਸੁਰੱਖਿਆ ਪ੍ਰਬੰਧ ਤੇਜ਼ ਕਰ ਦਿੱਤੇ ਹਨ। ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਤਾਜ਼ਾ ਬੁਲੇਟਿਨ ਅਨੁਸਾਰ, ਚੱਕਰਵਾਤ ਦੇ ਅਗਲੇ 12 ਘੰਟਿਆਂ ਦੌਰਾਨ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ ਹੋਰ ਤੀਬਰ ਹੋ ਕੇ ਭਿਆਨਕ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਇਹ 28 ਅਕਤੂਬਰ ਦੀ ਸਵੇਰ ਆਂਧਰਾ ਪ੍ਰਦੇਸ਼ ਦੇ ਬਾਪਟਲਾ ਅਤੇ ਵਿਸ਼ਾਖਾਪਟਨਮ ਵਿਚਕਾਰ ਤੱਟ ਪਾਰ ਕਰ ਸਕਦਾ ਹੈ। ਇਸ ਦੌਰਾਨ ਹਵਾ ਦੀ ਲਗਾਤਾਰ ਰਫ਼ਤਾਰ 115 ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਅਤੇ ਤੇਜ਼ ਝੱਖੜਾਂ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦਾ ਖ਼ਦਸ਼ਾ ਹੈ।
ਓਡੀਸ਼ਾ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ
ਭਾਵੇਂ ਤੂਫ਼ਾਨ ਦੇ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਵਿਚਕਾਰ ਤੱਟ ਪਾਰ ਕਰਨ ਦੀ ਸੰਭਾਵਨਾ ਹੈ, ਪਰ ਓਡੀਸ਼ਾ ਵਿੱਚ ਵੀ ਇਸ ਦਾ ਵਿਆਪਕ ਅਸਰ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਅਤੇ ਹਵਾਵਾਂ ਦੀ ਰਫ਼ਤਾਰ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਖ਼ਾਸ ਤੌਰ ’ਤੇ ਤੱਟਵਰਤੀ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮੱਛੀ ਫੜਨ ਅਤੇ ਸੈਰ-ਸਪਾਟੇ ’ਤੇ ਪਾਬੰਦੀਆਂ
ਓਡੀਸ਼ਾ ਦੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀ। ਉਨ੍ਹਾਂ ਮੁਤਾਬਕ, ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਰੱਖਣ ਲਈ ਸੂਬੇ ਦੀ ‘ਜ਼ੀਰੋ ਕੈਜ਼ੂਐਲਟੀ’ ਨੀਤੀ ਤਹਿਤ ਤਿਆਰੀਆਂ ਕੀਤੀਆਂ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਪ੍ਰਭਾਵਿਤ ਹੋ ਸਕਣ ਵਾਲੇ ਛੇ ਜ਼ਿਲ੍ਹਿਆਂ ਵਿੱਚ ਸਮੁੰਦਰ ਵਿੱਚ ਮੱਛੀਆਂ ਫੜਨ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਪਹਾੜੀਆਂ, ਝਰਨਿਆਂ, ਡੈਮਾਂ ਅਤੇ ਹੋਰ ਸੈਲਾਨੀ ਸਥਾਨਾਂ ’ਤੇ ਜਾਣ ਤੋਂ ਵੀ ਲੋਕਾਂ ਨੂੰ ਰੋਕਿਆ ਗਿਆ ਹੈ। ਪ੍ਰਸ਼ਾਸਨ ਦਾ ਮੁੱਖ ਉਦੇਸ਼ ਤੂਫ਼ਾਨ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਅਤੇ ਸੰਭਾਵਿਤ ਨੁਕਸਾਨ ਨੂੰ ਘੱਟ ਕਰਨਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਸਮ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ’ਤੇ ਨਜ਼ਰ ਰੱਖਣ।






