Homeਹਰਿਆਣਾਦੀਵਾਲੀ ਮੇਲਾ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਦਾ ਮਜ਼ਬੂਤ...

ਦੀਵਾਲੀ ਮੇਲਾ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਦਾ ਮਜ਼ਬੂਤ ਮਾਧਿਅਮ, ਭਵਿੱਖ ਵਿੱਚ ਇਸ ਨੂੰ ਹੋਰ ਸ਼ਾਨਦਾਰ ਬਣਾਇਆ ਜਾਵੇਗਾ: ਕੇਂਦਰੀ ਮੰਤਰੀ ਮਨੋਹਰ ਲਾਲ

Union Minister Manohar Lal says the Surajkund Diwali Mela promotes Indian culture, traditional handicrafts and self-reliance.

ਸੂਰਜਕੁੰਡ ਦੀਵਾਲੀ ਮੇਲਾ ‘ਵੋਕਲ ਫਾਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਕਰ ਰਿਹਾ ਹੈ ਮਜ਼ਬੂਤ: ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਫਰੀਦਾਬਾਦ, 27 ਅਕਤੂਬਰ, 2026 (ਸੰਜੀਵ ਸ਼ਰਮਾ): ਕੇਂਦਰੀ ਬਿਜਲੀ, ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 26 ਅਕਤੂਬਰ, 2014 ਦਾ ਦਿਨ ਹਰਿਆਣਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸੇ ਦਿਨ ਸੂਬੇ ਵਿੱਚ ਸੁਸ਼ਾਸਨ, ਪਾਰਦਰਸ਼ਤਾ ਅਤੇ ਲੋਕ ਸੇਵਾ ਦੇ ਸੰਕਲਪ ਨਾਲ ਨਵੀਂ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ। ਸਰਕਾਰ ਨੇ ਸਵਾ ਦੋ ਕਰੋੜ ਤੋਂ ਵੱਧ ਸੂਬਾ ਵਾਸੀਆਂ ਨੂੰ ਆਪਣਾ ਪਰਿਵਾਰ ਮੰਨਦਿਆਂ ਉਨ੍ਹਾਂ ਦੀ ਸੇਵਾ ਕਰਨ ਦਾ ਸੰਕਲਪ ਲਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿੱਚ ‘ਬਿਨਾਂ ਪਰਚੀ-ਬਿਨਾਂ ਖ਼ਰਚੀ’ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਮਿਲਣਾ ਪ੍ਰਸ਼ਾਸਨਿਕ ਵਿਵਸਥਾ ਵਿੱਚ ਆਏ ਬਦਲਾਅ ਦਾ ਸਬੂਤ ਹੈ। ਕੇਂਦਰੀ ਮੰਤਰੀ ਸੋਮਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਮੇਲਾ ਕੰਪਲੈਕਸ ਵਿੱਚ ਕਰਵਾਏ ਗਏ ਤੀਜੇ ਸੂਰਜਕੁੰਡ ਦੀਵਾਲੀ ਮੇਲੇ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਸਰਕਾਰ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਡਾ. ਅਮਿਤ ਅਗਰਵਾਲ, ਪੁਲਿਸ ਕਮਿਸ਼ਨਰ ਸਤਿਆਪਾਲ ਗੁਪਤਾ, ਸਾਬਕਾ ਵਿਧਾਇਕ ਨਰਿੰਦਰ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਲੋਹੀਆ, ਹਰਿਆਣਾ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰੇਣੂ ਭਾਟੀਆ, ਅਜੈ ਗੌੜ ਸਮੇਤ ਕਈ ਪਤਵੰਤੇ ਅਤੇ ਅਧਿਕਾਰੀ ਮੌਜੂਦ ਸਨ।

ਸਰਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਸਰਕਾਰ ਦਾ ਉਦੇਸ਼

ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਦੇਸ਼ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਪ੍ਰਸ਼ਾਸਨ ਚਲਾਉਣਾ ਨਹੀਂ, ਸਗੋਂ ਸਰਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਇਸੇ ਸੋਚ ਨਾਲ ‘ਅੰਤੋਦਿਆ’ ਦੀ ਧਾਰਨਾ ਨੂੰ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਪਰਿਵਾਰ ਪਛਾਣ ਪੱਤਰ’ ਰਾਹੀਂ ਪਰਿਵਾਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦਾ ਮੁਲਾਂਕਣ ਕਰਕੇ ਲੋੜਵੰਦਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਵਿੱਚ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਇਸ ਪ੍ਰਣਾਲੀ ਨੂੰ ਸਮਝਣ ਅਤੇ ਅਪਣਾਉਣ ਵਿੱਚ ਹੋਰ ਸੂਬੇ ਵੀ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਰਦਰਸ਼ਤਾ, ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਗ਼ਰੀਬ ਪਰਿਵਾਰਾਂ ਦੀ ਭਲਾਈ, ਸਮਾਜਿਕ ਸੁਰੱਖਿਆ ਅਤੇ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਵਿਕਾਸ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ।

ਦੀਵਾਲੀ ਮੇਲੇ ਨੂੰ ਭਵਿੱਖ ਵਿੱਚ ਹੋਰ ਸ਼ਾਨਦਾਰ ਬਣਾਉਣ ਦੇ ਯਤਨ ਕੀਤੇ ਜਾਣਗੇ

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਰਜਕੁੰਡ ਅੰਤਰਰਾਸ਼ਟਰੀ ਹਸਤਸ਼ਿਲਪ ਮੇਲੇ ਲਈ ਵਿਸ਼ਵ ਪੱਧਰ ’ਤੇ ਜਾਣਿਆ ਜਾਂਦਾ ਹੈ, ਪਰ ਇਸ ਸੁੰਦਰ ਮੇਲਾ ਕੰਪਲੈਕਸ ਦੀ ਵਰਤੋਂ ਸਿਰਫ਼ ਕੁਝ ਦਿਨਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਸੇ ਸੋਚ ਤਹਿਤ ਦੀਵਾਲੀ ਮੇਲੇ ਦੀ ਸ਼ੁਰੂਆਤ ਕੀਤੀ ਗਈ, ਤਾਂ ਜੋ ਸਾਲ ਦੇ ਹੋਰ ਸਮਿਆਂ ਦੌਰਾਨ ਵੀ ਇੱਥੇ ਸੱਭਿਆਚਾਰਕ ਗਤੀਵਿਧੀਆਂ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਇੱਕ ਹਫ਼ਤੇ ਦੌਰਾਨ ਲਗਭਗ 50 ਹਜ਼ਾਰ ਲੋਕਾਂ ਦੇ ਦੀਵਾਲੀ ਮੇਲੇ ਵਿੱਚ ਪਹੁੰਚਣ ਦੀ ਜਾਣਕਾਰੀ ਮਿਲੀ ਹੈ, ਜੋ ਬੇਹੱਦ ਉਤਸ਼ਾਹਜਨਕ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਮੇਲੇ ਨੂੰ ਹੋਰ ਆਕਰਸ਼ਕ ਬਣਾਉਣ ਲਈ ਲਾਈਟ ਐਂਡ ਸਾਊਂਡ ਪ੍ਰੋਗਰਾਮ, ਖੇਡ ਗਤੀਵਿਧੀਆਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਹੋਰ ਮਨੋਰੰਜਕ ਪ੍ਰੋਗਰਾਮ ਕਰਵਾਉਣ ਦੀਆਂ ਸੰਭਾਵਨਾਵਾਂ ’ਤੇ ਕੰਮ ਕੀਤਾ ਜਾਵੇਗਾ। ਇਸ ਨਾਲ ਫਰੀਦਾਬਾਦ ਦੇ ਨਾਲ-ਨਾਲ ਦਿੱਲੀ, ਗੁਰੂਗ੍ਰਾਮ ਅਤੇ ਪਲਵਲ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਮੇਲੇ ਵਿੱਚ ਪਹੁੰਚ ਸਕਣਗੇ। ਉਨ੍ਹਾਂ ਕਿਹਾ ਕਿ ਹਸਤਸ਼ਿਲਪ, ਸਥਾਨਕ ਉਤਪਾਦਾਂ ਅਤੇ ਰਵਾਇਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ਨਾਲ ਆਤਮਨਿਰਭਰਤਾ ਦੀ ਭਾਵਨਾ ਮਜ਼ਬੂਤ ਹੋਵੇਗੀ ਅਤੇ ਕਾਰੀਗਰਾਂ ਤੇ ਛੋਟੇ ਵਪਾਰੀਆਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਮਿਲਣਗੇ।

ਦੀਵਾਲੀ ਦਾ ਸੰਦੇਸ਼ ਸਮਾਜ ਦੇ ਹਰ ਵਰਗ ਦੇ ਜੀਵਨ ਵਿੱਚ ਖ਼ੁਸ਼ੀਆਂ ਦਾ ਚਾਨਣ ਫੈਲਾਉਣਾ

ਕੇਂਦਰੀ ਮੰਤਰੀ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਅਤੇ ਤਿਉਹਾਰ ਮਨਾਉਣ ਦਾ ਮੌਕਾ ਨਹੀਂ, ਸਗੋਂ ਇਹ ਸਮਾਜ ਵਿੱਚ ਪਿਆਰ, ਸਦਭਾਵਨਾ, ਉਮੀਦ ਅਤੇ ਸਕਾਰਾਤਮਕਤਾ ਦਾ ਸੰਦੇਸ਼ ਦੇਣ ਦਾ ਤਿਉਹਾਰ ਵੀ ਹੈ। ਭਗਵਾਨ ਸ੍ਰੀ ਰਾਮ ਦੇ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਦੀਪਮਾਲਾਵਾਂ ਜਗਾਉਣ ਦੀ ਪਰੰਪਰਾ ਸ਼ੁਰੂ ਹੋਈ ਸੀ, ਜੋ ਅੱਜ ਵੀ ਭਾਰਤੀ ਸੱਭਿਆਚਾਰ ਦੀ ਮਹੱਤਵਪੂਰਨ ਪਛਾਣ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਮਾਜ ਦੇ ਹਰ ਵਰਗ ਨਾਲ ਸਾਂਝੀਆਂ ਕੀਤੀਆਂ ਜਾਣ। ਜਿਹੜੇ ਪਰਿਵਾਰ ਆਰਥਿਕ ਤੰਗੀ ਕਾਰਨ ਤਿਉਹਾਰ ਨਹੀਂ ਮਨਾ ਸਕਦੇ, ਉਨ੍ਹਾਂ ਦੀ ਮਦਦ ਕਰਨਾ ਸਾਡਾ ਸਮਾਜਿਕ ਫ਼ਰਜ਼ ਹੈ। ਗੁਆਂਢੀਆਂ, ਪਿੰਡਾਂ ਅਤੇ ਮੁਹੱਲਿਆਂ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਤਿਉਹਾਰ ਮਨਾਉਣ ਨਾਲ ਸਮਾਜਿਕ ਏਕਤਾ ਅਤੇ ਭਾਈਚਾਰਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਭਗਵਾਨ ਵਾਲਮੀਕਿ ਜੀ ਨੂੰ ਨਮਨ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ ਅਤੇ ਮੇਲੇ ਵਿੱਚ ਪੇਸ਼ਕਾਰੀਆਂ ਕਰਨ ਵਾਲੇ ਸਾਰੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

‘ਵੋਕਲ ਫਾਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ਨੂੰ ਮਿਲ ਰਿਹਾ ਹੁਲਾਰਾ: ਡਾ. ਅਰਵਿੰਦ ਸ਼ਰਮਾ

ਇਸ ਮੌਕੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਸਿਰਫ਼ ਖ਼ਰੀਦਦਾਰੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ‘ਆਤਮਨਿਰਭਰ ਭਾਰਤ’, ‘ਵੋਕਲ ਫਾਰ ਲੋਕਲ’ ਅਤੇ ‘ਵਿਕਸਿਤ ਭਾਰਤ-2047’ ਦੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਕਲਾ, ਸੱਭਿਆਚਾਰ, ਹਸਤਸ਼ਿਲਪ ਅਤੇ ਰਵਾਇਤੀ ਉਤਪਾਦਾਂ ਨੂੰ ਇੱਕ ਸਾਂਝਾ ਮੰਚ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਕਾਰੀਗਰਾਂ ਅਤੇ ਦੇਸੀ ਉਤਪਾਦਾਂ ਨੂੰ ਤਰਜੀਹ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਦੂਰਦਰਸ਼ੀ ਸੋਚ ਨੂੰ ਅੱਗੇ ਵਧਾ ਰਹੀ ਹੈ। ਸੂਰਜਕੁੰਡ ਮੇਲੇ ਨੂੰ ਨਵੀਂ ਪਛਾਣ ਦਿਵਾਉਣ ਵਿੱਚ ਮਨੋਹਰ ਲਾਲ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਡਾ. ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਸਮੇਤ ਵੱਖ-ਵੱਖ ਮੰਚਾਂ ਰਾਹੀਂ ‘ਵੋਕਲ ਫਾਰ ਲੋਕਲ’ ਦਾ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਦੀਵਾਲੀ ਵਰਗੇ ਤਿਉਹਾਰਾਂ ’ਤੇ ਸਥਾਨਕ ਉਤਪਾਦਾਂ ਦੀ ਖ਼ਰੀਦਦਾਰੀ ਕਰਨ ਨਾਲ ਕਾਰੀਗਰਾਂ, ਸ਼ਿਲਪਕਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਸੂਰਜਕੁੰਡ ਦੀਵਾਲੀ ਮੇਲੇ ਵਿੱਚ 300 ਤੋਂ ਵੱਧ ਸਟਾਲ ਲਗਾਏ ਗਏ, ਜਿੱਥੇ ਦੇਸ਼ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ। ਉਨ੍ਹਾਂ ਮੇਲੇ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਕਲਾਕਾਰਾਂ ਅਤੇ ਸ਼ਿਲਪਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਡਾ. ਅਮਿਤ ਅਗਰਵਾਲ, ਪੁਲਿਸ ਕਮਿਸ਼ਨਰ ਸਤਿਆਪਾਲ ਗੁਪਤਾ, ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਕੱਤਰ ਅਜੈ ਗੌੜ, ਸਾਬਕਾ ਸਿੱਖਿਆ ਮੰਤਰੀ ਸੀਮਾ ਤ੍ਰਿਖਾ, ਸਾਬਕਾ ਵਿਧਾਇਕ ਨਰਿੰਦਰ ਗੁਪਤਾ ਅਤੇ ਹਰਿਆਣਾ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰੇਣੂ ਭਾਟੀਆ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments