Home ਦੇਸ਼ “ਕਰਤਾਰਪੁਰ ਤੋਂ ਬਾਅਦ ਹੁਣ ਵਾਹਗਾ ਬਾਰਡਰ ਵੀ ਖੋਲ੍ਹਿਆ ਜਾਵੇ”

“ਕਰਤਾਰਪੁਰ ਤੋਂ ਬਾਅਦ ਹੁਣ ਵਾਹਗਾ ਬਾਰਡਰ ਵੀ ਖੋਲ੍ਹਿਆ ਜਾਵੇ”

0

ਅੰਮ੍ਰਿਤਸਰ, 3 ਜੁਲਾਈ (ਦੀਪਕ ਦੱਤਾ): ਦਲ ਖ਼ਾਲਸਾ ਨੇ ਭਾਰਤ ਅਤੇ ਪਾਕਿਸਤਾਨ ਦੇ 100 ਤੋਂ ਵੱਧ ਪ੍ਰਮੁੱਖ ਸਿਆਸਤਦਾਨਾਂ, ਸਾਬਕਾ ਸੀਨੀਅਰ ਡਿਪਲੋਮੈਟਾਂ (ਰਾਜਦੂਤਾਂ) ਅਤੇ ਸਿਵਲ ਸੁਸਾਇਟੀ ਦੇ ਆਗੂਆਂ ਦੀ ਸਾਂਝੀ ਪਹਿਲਕਦਮੀ ਨੂੰ ਸਹੀ ਦਿਸ਼ਾ ਵਿੱਚ ਇੱਕ ਸਹੀ ਕਦਮ ਕਰਾਰ ਦਿੱਤਾ ਹੈ। ਇਨ੍ਹਾਂ ਸਖ਼ਸ਼ੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਬਾਜ਼ ਸ਼ਰੀਫ਼ ਨੂੰ ਦੋਵਾਂ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਆਮ ਵਾਂਗ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ।

ਭਾਰਤ ਦੇ 61 ਅਤੇ ਪਾਕਿਸਤਾਨ ਦੇ 55 ਸਮੇਤ ਕੁੱਲ 116 ਪ੍ਰਮੁੱਖ ਹਸਤੀਆਂ ਦੁਆਰਾ ਦਸਤਖਤ ਕੀਤੇ ਗਏ ਇਸ ਖੁੱਲ੍ਹੇ ਪੱਤਰ ਵਿੱਚ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ, ਵਪਾਰ ਤੇ ਆਵਾਜਾਈ ਦੇ ਸੰਪਰਕਾਂ ਨੂੰ ਮੁੜ ਖੋਲ੍ਹਣ ਅਤੇ ਆਪਸੀ ਲੋਕ-ਸੰਪਰਕ (people-to-people relations) ਵਧਾਉਣ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਪੱਤਰ ‘ਤੇ ਦਸਤਖਤ ਕਰਨ ਵਾਲਿਆਂ ਵਿੱਚ ਨਰਮਖਿਆਲੀ ਅਲਹਿਦਗੀਵਾਦੀ ਆਗੂ ਮੀਰਵਾਈਜ਼ ਉਮਰ ਫਾਰੂਕ, ਜੰਮੂ-ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ ਅਤੇ ਰਾਅ (RAW) ਦੇ ਸਾਬਕਾ ਮੁਖੀ (ਜਿਨ੍ਹਾਂ ਨੇ ਵਾਜਪਾਈ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕਸ਼ਮੀਰ ਡਿਵੀਜ਼ਨ ਦੀ ਅਗਵਾਈ ਕੀਤੀ ਸੀ) ਸ਼ਾਮਲ ਹਨ।

ਦਲ ਖ਼ਾਲਸਾ ਦੇ ਆਗੂ ਨੇ ਇੱਕ ਬਿਆਨ ਵਿੱਚ ਉਮੀਦ ਪ੍ਰਗਟਾਈ ਕਿ ਦੋਵਾਂ ਪਾਸਿਆਂ ਨੂੰ ਅਕਲ ਆਵੇਗੀ। ਉਨ੍ਹਾਂ ਸੰਤੁਸ਼ਟੀ ਪ੍ਰਗਟਾਈ ਕਿ ਪੱਤਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਡੇ ਖੇਤਰ ਦੀ ਤੀਰਥ ਯਾਤਰਾ, ਵਪਾਰ ਅਤੇ ਆਰਥਿਕ ਪ੍ਰਗਤੀ ਲਈ ਵਾਹਗਾ-ਅਟਾਰੀ ਸਰਹੱਦ ਨੂੰ ਵੀ ਖੋਲ੍ਹਿਆ ਜਾਵੇ।”

ਦੋਵਾਂ ਪਾਸਿਆਂ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਜੰਮੂ-ਕਸ਼ਮੀਰ ਦੇ ਸੰਵੇਦਨਸ਼ੀਲ ਮੁੱਦੇ ਨੂੰ ਛੂਹਿਆ ਹੈ ਅਤੇ ਸਾਲ 2004 ਤੋਂ 2007 ਦਰਮਿਆਨ ਤੈਅ ਹੋਏ ਫਰੇਮਵਰਕ (ਢਾਂਚੇ) ‘ਤੇ ਮੁੜ ਵਿਚਾਰ ਕਰਨ ਸਮੇਤ ਫੌਜਾਂ ਦੀ ਗਿਣਤੀ ਘਟਾਉਣ ਅਤੇ ਤਣਾਅ ਘੱਟ ਕਰਨ ਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਵੱਲੋਂ ਅਗਸਤ 2019 ਵਿੱਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਪਿਛੋਕੜ ਵਿੱਚ ਇਹ ਮੰਗ ਕਾਫ਼ੀ ਅਹਿਮੀਅਤ ਰੱਖਦੀ ਹੈ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਆਪਸੀ ਸਮਝ ਪੈਦਾ ਕਰਨ ਵਿੱਚ ਪਾਕਿਸਤਾਨ ਦੀ ਰਚਨਾਤਮਕ ਅਤੇ ਸਰਗਰਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਇਸਲਾਮਾਬਾਦ ਦੇ ਯੋਗਦਾਨ ਨੂੰ ਖੇਤਰੀ ਸਥਿਰਤਾ ਅਤੇ ਵਿਸ਼ਵ ਸ਼ਾਂਤੀ ਵੱਲ ਇੱਕ ਵੱਡਾ ਕਦਮ ਦੱਸਿਆ।

“ਭਾਰਤ ਨੂੰ ਪਾਕਿਸਤਾਨ ਪ੍ਰਤੀ ਆਪਣੀ ਸੰਕੁਚਿਤ ਅਤੇ ਹਮਲਾਵਰ ਮਾਨਸਿਕਤਾ ਨੂੰ ਤਿਆਗਣ ਦੀ ਲੋੜ ਹੈ। ਦੋਵਾਂ ਕੱਟੜ ਪਰਮਾਣੂ ਵਿਰੋਧੀਆਂ ਦਰਮਿਆਨ ਜੰਗ ਵਰਗੇ ਤਣਾਅ ਨੂੰ ਖ਼ਤਮ ਕਰਨ ਦੇ ਰਾਹ ਖੋਲ੍ਹਣੇ ਚਾਹੀਦੇ ਹਨ, ਜਿਸ ਨਾਲ ਹੌਲੀ-ਹੌਲੀ ਦੁਸ਼ਮਣੀ ਅਤੇ ਪੰਜਾਬ ਦੀਆਂ ਸਰਹੱਦਾਂ ‘ਤੇ ਬਣੇ ਜੰਗ ਦੇ ਖ਼ਤਰੇ ਦਾ ਖ਼ਾਤਮਾ ਹੋਵੇਗਾ,” ਕੰਵਰਪਾਲ ਸਿੰਘ ਨੇ ਕਿਹਾ।

ਉਨ੍ਹਾਂ ਇਸ਼ਾਰਾ ਕੀਤਾ ਕਿ ਦੱਖਣੀ ਏਸ਼ੀਆ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ‘ਤੇ ਟਿਕੀ ਹੋਈ ਹੈ। ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਖ਼ਤਮ ਹੋਣ ਤੋਂ ਬਾਅਦ ਹੀ ਪੰਜਾਬ ਵਿੱਚ ਸ਼ਾਂਤੀ ਸੰਭਵ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਇਸ ਖੇਤਰ ਵਿੱਚ ਹਮੇਸ਼ਾ ਇੱਕ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ।

 

Exit mobile version