ਨਵੀਂ ਦਿੱਲੀ, 4 ਨਵੰਬਰ 2026 (ਗੁਰਮੀਤ ਸਿੰਘ ਤੁੰਗ) : ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇਸ਼ ਵਿੱਚ ਤੇਜ਼ੀ ਨਾਲ ਲੋਕ ਲਹਿਰ ਦਾ ਰੂਪ ਧਾਰ ਰਹੀ ਹੈ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦਾਅਵਾ ਕੀਤਾ ਹੈ ਕਿ ਹੁਣ ਦੇਸ਼ ਵਿੱਚ ਹਰ ਛੇ ਦਿਨਾਂ ਦੌਰਾਨ ਲਗਭਗ ਇੱਕ ਲੱਖ ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਏ ਜਾ ਰਹੇ ਹਨ। ਜੋਸ਼ੀ ਅਨੁਸਾਰ ਯੋਜਨਾ ਦੇ ਸ਼ੁਰੂਆਤੀ ਦੌਰ ਵਿੱਚ ਪੋਰਟਲ ਦੀਆਂ ਸਮੱਸਿਆਵਾਂ, ਵਿਕਰੇਤਾਵਾਂ ਦੀ ਉਪਲਬਧਤਾ ਅਤੇ ਇੰਸਟਾਲੇਸ਼ਨ ਵਿੱਚ ਲੱਗਣ ਵਾਲੇ ਸਮੇਂ ਕਾਰਨ ਕਈ ਚੁਣੌਤੀਆਂ ਆਈਆਂ। ਪਰ ਸਰਕਾਰੀ ਟੀਮ ਦੇ ਸਾਂਝੇ ਯਤਨਾਂ ਨਾਲ ਕੰਮ ਦੀ ਰਫ਼ਤਾਰ ਵਿੱਚ ਵੱਡਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦਾ ਟੀਚਾ ਹਰ ਚਾਰ ਤੋਂ ਪੰਜ ਦਿਨਾਂ ਵਿੱਚ ਇੱਕ ਲੱਖ ਸੋਲਰ ਇੰਸਟਾਲੇਸ਼ਨ ਪੂਰੀਆਂ ਕਰਨ ਦਾ ਹੈ। 15 ਫਰਵਰੀ 2024 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਮਾਰਚ 2027 ਤੱਕ ਇੱਕ ਕਰੋੜ ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਉਣਾ ਹੈ। ਇਸ ਤਹਿਤ ਘਰੇਲੂ ਖਪਤਕਾਰਾਂ ਨੂੰ ਸੋਲਰ ਸਿਸਟਮ ਲਗਵਾਉਣ ਲਈ 40 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਪਹਿਲ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਲੋਕਾਂ ਦੇ ਬਿਜਲੀ ਖਰਚੇ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
