ਅਮਲੋਹ/ਫ਼ਤਹਿਗੜ੍ਹ ਸਾਹਿਬ, 03 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪਿੰਡ-ਪਿੰਡ ਦਿਖਾਉਣ ਦੀ ਲੜੀ ਤਹਿਤ ਸਰਹਿੰਦ ਬਲਾਕ ਦੇ ਪਿੰਡ ਪੰਜੋਲੀ ਖੁਰਦ, ਰਿਉਣਾ ਨੀਵਾਂ, ਰਿਉਣਾ ਭੋਲਾ ਅਤੇ ਬਲਾਕ ਅਮਲੋਹ ਦੇ ਪਿੰਡ ਖੁੰਮਣਾ, ਖਨਿਆਨ ਅਤੇ ਰਾਮਗੜ ਵਿਖੇ 30 ਮਿੰਟ ਦੀ ਡਾਕੂਮੈਂਟਰੀ ਐਲ.ਈ.ਡੀ. ਸਕਰੀਨ ਰਾਹੀਂ ਦਿਖਾਈ ਗਈ। ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕੂਮੈਂਟਰੀ ਰਾਹੀਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਮਹਾਨ ਸੰਦੇਸ਼ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਿਤੀ 04 ਅਕਤੂਬਰ ਨੂੰ ਬਲਾਕ ਸਰਹਿੰਦ ਦੇ ਪਿੰਡ ਖੋਜੇਮਾਜਰਾ, ਅਮਰਗੜ੍ਹ, ਦਿੱਤੂਪੁਰ ਫ਼ਕੀਰਾਂ, ਬਲਾਕ ਅਮਲੋਹ ਦੇ ਪਿੰਡ ਹਿੰਮਤਗੜ ਤੰਗਰਾਲਾ ਫੈਜੁਲਾਪੁਰ ਵਿੱਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 05 ਵਜੇ, 06 ਵਜੇ ਅਤੇ 07 ਵਜੇ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਐਲ.ਈ.ਡੀ. ਸਕਰੀਨ ਰਾਹੀਂ ਦਿਖਾਈ ਗਈ ਇਸ ਡਾਕੂਮੈਂਟਰੀ ਨੂੰ ਪਿੰਡ ਵਾਸੀਆਂ ਵੱਲੋਂ ਰੁਚੀ ਨਾਲ ਦੇਖਿਆ ਗਿਆ। ਇਸ ਦੌਰਾਨ ਲੋਕਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ।







