ਮੁੰਬਈ, 21 ਨਵੰਬਰ, 2026 (ਛਤਰਪਾਲ ਸਿੰਘ ) : ਮਹਾਨ ਸੰਤ, ਕਵੀ ਅਤੇ ਸਮਾਜ ਸੁਧਾਰਕ ਸੰਤ ਕਬੀਰ ਦੇ ਜੀਵਨ, ਵਿਚਾਰਧਾਰਾ ਅਤੇ ਸਮਾਜਿਕ ਸੰਦੇਸ਼ ਨੂੰ ਹੁਣ ਵੱਡੇ ਪਰਦੇ ’ਤੇ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਫ਼ਿਲਮ ਨਿਰਮਾਤਾਵਾਂ ਵੱਲੋਂ ‘ਕਬੀਰਾ’ ਨਾਮ ਦੀ ਨਵੀਂ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰਨਗੇ। ਇਹ ਫ਼ਿਲਮ 15ਵੀਂ ਸਦੀ ਦੇ ਕਾਸ਼ੀ ਦੇ ਪਿਛੋਕੜ ’ਤੇ ਆਧਾਰਿਤ ਹੋਵੇਗੀ ਅਤੇ ਸੰਤ ਕਬੀਰ ਦੇ ਜੀਵਨ ਦੇ ਉਨ੍ਹਾਂ ਪਹਿਲੂਆਂ ਨੂੰ ਉਜਾਗਰ ਕਰੇਗੀ, ਜਿਨ੍ਹਾਂ ਨੇ ਧਰਮ, ਜਾਤ-ਪਾਤ ਅਤੇ ਸਮਾਜਿਕ ਵੰਡ ਦੀਆਂ ਰਵਾਇਤੀ ਹੱਦਾਂ ਨੂੰ ਚੁਣੌਤੀ ਦਿੱਤੀ। ਸੰਤ ਕਬੀਰ ਨੇ ਆਪਣੇ ਦੋਹਿਆਂ ਅਤੇ ਬਾਣੀ ਰਾਹੀਂ ਮਨੁੱਖਤਾ, ਬਰਾਬਰੀ, ਪਿਆਰ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੱਤਾ ਸੀ।
ਫ਼ਿਲਮ ਨੂੰ ਮਹਾਵੀਰ ਜੈਨ ਅਤੇ ਅਮਿਤ ਉਪਾਧਿਆਏ ਪੇਸ਼ ਕਰ ਰਹੇ ਹਨ, ਜਦਕਿ ਇਸ ਦਾ ਨਿਰਮਾਣ ਮਹਾਵੀਰ ਜੈਨ ਫ਼ਿਲਮਜ਼, ਸਰਲ ਵੱਲਭ ਭੰਸਾਲੀ ਅਤੇ ਸ਼ਰਧਾ ਸਿੰਘ ਵੱਲੋਂ ਕੀਤਾ ਜਾਵੇਗਾ। ਫ਼ਿਲਮ ਦਾ ਸੰਗੀਤ ਤਨਿਸ਼ਕ ਬਾਗਚੀ ਤਿਆਰ ਕਰਨਗੇ। ਇਸ ਵਿੱਚ ਲੋਕ ਸੰਗੀਤ, ਸੂਫ਼ੀ ਅਤੇ ਸ਼ਾਸਤਰੀ ਸੰਗੀਤ ਦਾ ਸੁਮੇਲ ਦੇਖਣ ਨੂੰ ਮਿਲੇਗਾ, ਜਿਸ ਰਾਹੀਂ ਸੰਤ ਕਬੀਰ ਦੀ ਕਾਵਿਕ ਵਿਰਾਸਤ ਅਤੇ ਵਿਚਾਰਧਾਰਾ ਨੂੰ ਸੰਗੀਤਕ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੀ ਕਹਾਣੀ ਅਨੁਸਾਰ ਸੰਤ ਕਬੀਰ ਦਾ ਜੀਵਨ ਮਨੁੱਖਤਾ ਦੀ ਸਾਂਝੀ ਆਵਾਜ਼ ਵਜੋਂ ਉਭਰਦਾ ਹੈ। ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਨਮ ਇੱਕ ਹਿੰਦੂ ਮਾਂ ਦੇ ਘਰ ਹੋਇਆ ਸੀ ਅਤੇ ਉਨ੍ਹਾਂ ਦੀ ਪਰਵਰਿਸ਼ ਇੱਕ ਮੁਸਲਿਮ ਜੁਲਾਹਾ ਪਰਿਵਾਰ ਵਿੱਚ ਹੋਈ। ਉਨ੍ਹਾਂ ਦੀਆਂ ਸਿੱਖਿਆਵਾਂ ਨੇ ਧਰਮਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਸੰਦੇਸ਼ ਦਿੱਤਾ।
ਨਿਰਦੇਸ਼ਕ ਅਭਿਸ਼ੇਕ ਸ਼ਰਮਾ ਇਸ ਤੋਂ ਪਹਿਲਾਂ ‘ਤੇਰੇ ਬਿਨ ਲਾਦੇਨ’, ‘ਰਾਮ ਸੇਤੂ’ ਅਤੇ ‘ਦ ਜ਼ੋਇਆ ਫੈਕਟਰ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਸੰਤ ਕਬੀਰ ਦੇ ਜੀਵਨ ਅਤੇ ਰਚਨਾਵਾਂ ’ਤੇ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਅਤੇ ਡਾਕੂਮੈਂਟਰੀਆਂ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚ ‘ਚਲੋ ਹਮਾਰਾ ਦੇਸ’, ‘ਕਬੀਰਾ ਖੜਾ ਬਾਜ਼ਾਰ ਮੇਂ’ ਅਤੇ ‘ਸੰਤਹੱਲੀ ਨਿੰਤਾ ਕਬੀਰਾ’ ਵਰਗੀਆਂ ਰਚਨਾਵਾਂ ਸ਼ਾਮਲ ਹਨ। ਕੰਨੜ ਫ਼ਿਲਮ ‘ਸੰਤਹੱਲੀ ਨਿੰਤਾ ਕਬੀਰਾ’ ਵਿੱਚ ਸ਼ਿਵਾ ਰਾਜਕੁਮਾਰ ਨੇ ਸੰਤ ਕਬੀਰ ਦੀ ਭੂਮਿਕਾ ਨਿਭਾਈ ਸੀ। ਨਵੀਂ ਫ਼ਿਲਮ ‘ਕਬੀਰਾ’ ਰਾਹੀਂ ਨਿਰਮਾਤਾਵਾਂ ਦਾ ਉਦੇਸ਼ ਸੰਤ ਕਬੀਰ ਦੇ ਜੀਵਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਸਰਬ-ਸਾਂਝੀਵਾਲਤਾ, ਸਮਾਜਿਕ ਬਰਾਬਰੀ ਤੇ ਧਾਰਮਿਕ ਸਦਭਾਵਨਾ ਦੇ ਸੰਦੇਸ਼ ਨੂੰ ਮੁੜ ਚਰਚਾ ਵਿੱਚ ਲਿਆਉਣਾ ਹੈ।






