ਫਤਹਿਗੜ੍ਹ ਸਾਹਿਬ, 25 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਨੇ 25 ਕਿਸਾਨਾਂ ਲਈ ਪਰਾਲੀ ਪ੍ਰਬੰਧਨ ਮੁਹਿੰਮ ਦੀ ਸ਼ੁਰੂਆਤ 05 ਦਿਨਾਂ ਦੇ ਸਿਖਲਾਈ ਕੋਰਸ ਨਾਲ ਕੀਤੀ। ਸਿਖਲਾਈ ਕੋਰਸ ਦਾ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੰਭਾਲ ਲਈ ਵਿਗਿਆਨਿਕ ਤਕਨੀਕਾਂ ਅਤੇ ਹਾੜੀ ਦੀ ਫਸਲ ਦੀ ਬਜਾਈ ਲਈ ਦੇ ਮਹੱਤਵਪੂਰਨ ਨੁਕਤਿਆ ਬਾਰੇ ਜਾਣਕਾਰੀ ਦੇਣਾ ਸੀ।

ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ) ਅਤੇ ਭੂਮੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਅਜੈ ਕੁਮਾਰ ਅਤੇ ਹੋਰ ਕੇ.ਵੀ.ਕੇ ਮਾਹਿਰਾਂ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਟਿਕਾਊ ਖੇਤੀ ਵਿਧੀਆਂ ਤੇ ਕੇਂਦਰਿਤ ਸੀ, ਜਿਸ ਵਿੱਚ ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ, ਅਤੇ ਪੀ.ਏ.ਯੂ. ਸਮਾਰਟ ਸੀਡਰ ਵਰਗੀਆਂ ਉੱਨਤ ਮਸ਼ੀਨਾਂ ਦੀ ਵਰਤੋਂ ਸ਼ਾਮਲ ਹੈ। ਕੇ.ਵੀ.ਕੇ ਮਾਹਿਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੁੰਭ ਦੀ ਖੇਤੀ ਲਈ, ਸਬਜ਼ੀਆਂ ਵਿਚ ਮਲਚਿੰਗ ਲਈ ਅਤੇ ਪਸ਼ੂਆਂ ਦੇ ਚਾਰੇ ਈ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਵਿਚਾਰ-ਵਟਾਂਦਰੇ, ਤਕਨੀਕੀ ਸੈਸ਼ਨਾਂ ਅਤੇ ਖੇਤਾਂ ਦੇ ਦੌਰੇ ਸ਼ਾਮਲ ਸਨ, ਜਿਸ ਨਾਲ ਕਿਸਾਨ ਵੀਰਾਂ ਨੂੰ ਸਿੱਧੇ ਤੌਰ ਤੇ ਖੇਤੀ ਮਾਹਿਰਾਂ ਨਾਲ ਜੁੜਕੇ ਪਰਾਲੀ ਦੇ ਸਾਂਭ-ਸੰਭਾਲ ਦੇ ਤਰੀਕਿਆਂ ਬਾਰੇ ਜਾਣਕਾਰੀ ਮਿਲੀ। ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਵਾਤਾਵਰਣ ਪੱਖੀ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ। ਸਿਖਲਾਈ ਦੀ ਸਮਾਪਤੀ ਵਿਦਿਅਕ ਸਮੱਗਰੀ ਦੀ ਵੰਡ, ਫਸਲਾਂ ਦੀ ਰਹਿੰਦ-ਖੂੰਹਦ ਦੇ ਬੇਹਤਰ ਪ੍ਰਬੰਧਨ ਅਤੇ ਕਿਸਾਨ ਵੀਰਾਂ ਦੇ ਭਰਵੇਂ ਹੁੰਗਾਰੇ ਨਾਲ ਹੋਈ।







