ਆਓ, ਫੈਸ਼ਨ ਦੇ ਨਾਲ ਨਾਲ ਆਪਣੇ ਰੰਗਾਂ ਨੂੰ ਵੀ ਜਿਉਂਦਾ ਰੱਖੀਏ —
ਚੁੰਨੀ ਸਿਰਫ਼ ਕਪੜਾ ਨਹੀਂ, ਸਾਡੀ ਮਿੱਟੀ ਦੀ ਖੁਸ਼ਬੂ ਹੈ।

ਕਦੇ ਪੰਜਾਬ ਦੇ ਪਿੰਡਾਂ ਵਿੱਚ ਇਹ ਆਮ ਨਜ਼ਾਰਾ ਹੁੰਦਾ ਸੀ ਕਿ ਵਿਆਹੀਆਂ ਔਰਤਾਂ ਸਿਰ ਢੱਕ ਕੇ ਚਲਦੀਆਂ। ਘੁੰਡ — ਚੁੰਨੀ ਦਾ ਉਹ ਪੱਲਾ ਜੋ ਸ਼ਰਮ, ਹਿਆ ਅਤੇ ਇਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ — ਸਾਡੀ ਸੰਸਕ੍ਰਿਤੀ ਦਾ ਇਕ ਅਟੂਟ ਹਿੱਸਾ ਸੀ। ਵਹੁਟੀਆਂ ਆਪਣੇ ਸਹੁਰਿਆਂ ਜਾਂ ਜੇਠ ਸਾਹਮਣੇ ਆਉਂਦੀਆਂ ਤਾਂ ਪੱਲਾ ਖਿੱਚ ਕੇ ਮੂੰਹ ਢੱਕ ਲੈਂਦੀਆਂ। ਇਹ ਸਿਰਫ਼ ਰਿਵਾਜ ਨਹੀਂ ਸੀ, ਇਹ ਉਹ ਪਰੰਪਰਾ ਸੀ ਜੋ ਘਰ ਦੀਆਂ ਮਰਯਾਦਾਵਾਂ ਅਤੇ ਮਾਂ-ਬਾਪ ਦੀ ਸਿੱਖਿਆ ਦਾ ਪ੍ਰਤੀਕ ਸੀ।
ਉਸ ਵੇਲੇ ਦੀਆਂ ਔਰਤਾਂ ਵਿੱਚ ਸ਼ਰਮ ਤੇ ਸੰਕੋਚ ਜੀਵਨ ਦਾ ਹਿੱਸਾ ਸੀ। ਜਦੋਂ ਕਿਸੇ ਵੱਡੇ ਬੰਦੇ ਨਾਲ ਗੱਲ ਕਰਦੀਆਂ, ਤਾਂ ਅੱਖਾਂ ਥੱਲੇ ਕਰ ਲੈਂਦੀਆਂ। ਜਿਥੇ ਚਾਰ ਬੰਦੇ ਬੈਠੇ ਹੁੰਦੇ, ਉਥੇ ਚੁੱਪਚਾਪ ਪਾਸਾ ਕਰ ਲੈਂਦੀਆਂ। ਇਹੀ ਸੀ ਸਾਦਗੀ ਅਤੇ ਸੰਸਕਾਰਾਂ ਦਾ ਰੂਪ। ਲੋਕ ਗੀਤਾਂ ਵਿਚ ਵੀ ਘੁੰਡ ਦਾ ਸੁੰਦਰ ਵਰਣਨ ਮਿਲਦਾ ਹੈ— “ਘੁੰਡ ਕੱਢ ਲੈ ਪਤਲੀਏ, ਨਾਰੇ ਸਹੁਰਿਆਂ ਦਾ ਪਿੰਡ ਆ ਗਿਆ” — ਇਹ ਬੋਲ ਸਿਰਫ਼ ਗੀਤ ਨਹੀਂ, ਸਾਡੀ ਸਭਿਆਚਾਰਕ ਅਸਲੀਅਤ ਸਨ।
ਪਰ ਹੁਣ ਜਮਾਨਾ ਬਦਲ ਗਿਆ ਹੈ। ਗੁਰਦਾਸ ਮਾਨ ਦੇ ਗਾਏ ਗੀਤਾਂ ਵਿੱਚ ਉਹ ਹਕੀਕਤ ਦਰਸਾਈ ਗਈ ਹੈ ਜੋ ਅੱਜ ਦੇ ਸਮੇਂ ਦੀ ਸੱਚਾਈ ਹੈ — ਹੁਣ ਨਾ ਕੋਈ ਨਵੀਂ ਵਿਆਹੀ ਘੁੰਡ ਕਢਦੀ ਹੈ ਤੇ ਨਾ ਹੀ ਕਿਸੇ ਕੁੜੀ ਨੂੰ ਘੁੰਡ ਕਢਣਾ ਆਉਂਦਾ ਹੈ। ਨਵੀਂ ਪੀੜ੍ਹੀ ਲਈ ਇਹ ਸ਼ਬਦ ਵੀ ਅਣਜਾਣ ਬਣ ਗਿਆ ਹੈ। ਹਾਲਾਂਕਿ ਕੁਝ ਪਿੰਡਾਂ ਵਿੱਚ ਅਜੇ ਵੀ ਵੱਡੀ ਉਮਰ ਦੀਆਂ ਔਰਤਾਂ ਘੁੰਡ ਕਰਦੀਆਂ ਦਿੱਖ ਜਾਂਦੀਆਂ ਹਨ, ਪਰ ਉਹ ਵੀ ਹੌਲੀ-ਹੌਲੀ ਇਤਿਹਾਸ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ।
ਫੈਸ਼ਨ ਦੀ ਰਫ਼ਤਾਰ ਨੇ ਸਾਡੀ ਪਹਿਚਾਣ ਨੂੰ ਬਦਲ ਕੇ ਰੱਖ ਦਿੱਤਾ ਹੈ। ਚੁੰਨੀਆਂ ਹੁਣ ਸਿਰਾਂ ਤੋਂ ਗਾਇਬ ਹੋ ਚੁੱਕੀਆਂ ਹਨ। ਪੰਜਾਬੀ ਸੂਟਾਂ ਦੀ ਥਾਂ ਜੀਨਜ਼ ਤੇ ਟਾਪਾਂ ਨੇ ਲੈ ਲਈ ਹੈ। ਚੁੰਨੀ ਦੀ ਥਾਂ ਸਟੋਲਾਂ ਤੇ ਸਕਾਰਫ਼ ਆ ਗਏ ਹਨ। ਅੱਜ ਦੇ ਸਮੇਂ ਵਿੱਚ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਵਿਚਕਾਰ ਦਾ ਫਰਕ ਕਰਨਾ ਮੁਸ਼ਕਲ ਹੋ ਗਿਆ ਹੈ।
ਜਿਹੜੀ ਚੁੰਨੀ ਕਦੇ ਹਿਆ ਦੀ ਨਿਸ਼ਾਨੀ ਸੀ, ਉਹ ਹੁਣ ਸਿਰਫ਼ ਸ਼ੌਕ ਦਾ ਹਿੱਸਾ ਬਣ ਚੁੱਕੀ ਹੈ — ਗਲ ਵਿੱਚ ਪਾਈ ਜਾਂਦੀ ਹੈ, ਸਿਰ ਉੱਤੇ ਨਹੀਂ। ਇਹ ਸਿਰਫ਼ ਪਹਿਰਾਵੇ ਦਾ ਬਦਲਾਅ ਨਹੀਂ, ਇਹ ਸਾਡੇ ਸਭਿਆਚਾਰ ਦੇ ਰੰਗਾਂ ਦੇ ਮਿਟਣ ਦੀ ਨਿਸ਼ਾਨੀ ਹੈ।
ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਹਾਂ। ਪੱਛਮੀ ਸਭਿਆਚਾਰ ਨੇ ਸਾਨੂੰ ਨਵਾਂ ਰੂਪ ਤਾਂ ਦਿੱਤਾ, ਪਰ ਆਪਣੇ ਰੰਗ ਵੀ ਹੌਲੇ-ਹੌਲੇ ਮਿਟਾ ਲਏ। ਜੇ ਅਸੀਂ ਅੱਜ ਆਪਣੀ ਪਹਿਚਾਣ ਬਚਾਉਣੀ ਹੈ ਤਾਂ ਸਾਨੂੰ ਮੁੜ ਆਪਣੇ ਵਿਰਸੇ ਵੱਲ ਮੁੜਨਾ ਪਵੇਗਾ। ਪੰਜਾਬੀ ਹੋਣ ਦੀ ਵਖਰੀ ਪਛਾਣ ਸੀ। ਉਹ ਹੁਣ ਖ਼ਤਮ ਹੋਣ ਕਿਨਾਰੇ ਹੈ। ਆਉ ਅਸੀਂ ਪੰਜਾਬੀ ਹੋਣ ਦੀ ਵਖਰੀ ਪਹਿਚਾਣ ਬਣਾਈਏ।
-ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ, 94658-21417







