ਫੈਜ਼ਾਬਾਦ ਤੋਂ 92 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ ਭੂਚਾਲ ਦਾ ਕੇਂਦਰ, 228 ਕਿਲੋਮੀਟਰ ਡੂੰਘਾਈ ’ਤੇ ਦਰਜ ਹੋਏ ਝਟਕੇ
ਅਫਗਾਨਿਸਤਾਨ, 29 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ): ਅਫਗਾਨਿਸਤਾਨ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.2 ਦਰਜ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ, ਭੂਚਾਲ ਭਾਰਤੀ ਮਿਆਰੀ ਸਮੇਂ ਅਨੁਸਾਰ ਸਵੇਰੇ 6 ਵੱਜ ਕੇ 39 ਮਿੰਟ ’ਤੇ ਆਇਆ। ਇਸ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਸ਼ਹਿਰ ਤੋਂ ਲਗਭਗ 92 ਕਿਲੋਮੀਟਰ ਦੱਖਣ-ਪੂਰਬ ਵੱਲ ਸੀ, ਜਦਕਿ ਇਸ ਦੀ ਡੂੰਘਾਈ ਧਰਤੀ ਤੋਂ 228 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਇਸ ਤੋਂ ਪਹਿਲਾਂ ਵੀ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ, 25 ਅਕਤੂਬਰ, 2026 ਨੂੰ ਵੀ ਇਲਾਕੇ ਵਿੱਚ 5.5 ਤੀਬਰਤਾ ਦਾ ਭੂਚਾਲ ਆਇਆ ਸੀ। ਇਹ ਭੂਚਾਲ ਭਾਰਤੀ ਮਿਆਰੀ ਸਮੇਂ ਅਨੁਸਾਰ ਰਾਤ 11 ਵੱਜ ਕੇ 14 ਮਿੰਟ 22 ਸਕਿੰਟ ’ਤੇ ਦਰਜ ਕੀਤਾ ਗਿਆ ਸੀ। ਅਫਗਾਨਿਸਤਾਨ ਭੂਚਾਲ ਦੀ ਸੰਭਾਵਨਾ ਵਾਲੇ ਖੇਤਰ ਵਿੱਚ ਸਥਿਤ ਹੈ, ਇਸ ਲਈ ਇੱਥੇ ਸਮੇਂ-ਸਮੇਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।






