ਸੁਨਾਮ , 29 ਅਕਤੂਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ (ਐੱਫਏਐੱਸਸੀ), ਸੰਗਰੂਰ ਵੱਲੋਂ ਪਿੰਡ ਜਖੇਪਲ (ਚੌਵਾਸ ਕਰਮਾਪੱਤੀ) ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਅਤੇ ਇੰਚਾਰਜ, ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਬੋਝ ਸਮਝਣ ਦੀ ਬਜਾਏ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਸਰੋਤ ਵਜੋਂ ਦੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਜੈਵਿਕ ਪਦਾਰਥ ਅਤੇ ਖੁਰਾਕੀ ਤੱਤਾਂ ਦੀ ਵਾਪਸੀ ਹੁੰਦੀ ਹੈ, ਜਿਸ ਨਾਲ ਮਿੱਟੀ ਦੀ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। ਡਾ. ਗਰਗ ਨੇ ਦੱਸਿਆ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਲਗਭਗ 400 ਕਿਲੋਗ੍ਰਾਮ ਜੈਵਿਕ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ ਅਤੇ 1.2 ਕਿਲੋਗ੍ਰਾਮ ਗੰਧਕ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਦਿਆਂ ਹੈਪੀ ਸੀਡਰ, ਸੁਪਰ ਸੀਡਰ, ਪੀਏਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਰਗੀਆਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ 30 ਤੋਂ ਵੱਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ, ਕਣਕ ਵਿੱਚ ਮਿੱਟੀ ਪਰਖ ਅਧਾਰਿਤ ਖਾਦਾਂ ਦੀ ਲੋੜ ਅਨੁਸਾਰ ਵਰਤੋਂ, ਫਾਸਫੋਰਸ ਦੇ ਬਦਲਵੇਂ ਸਰੋਤਾਂ, ਪੀਏਯੂ ਦੀਆਂ ਸੁਧਰੀਆਂ ਕਣਕ ਕਿਸਮਾਂ ਅਤੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ।
ਖਾਦ ਪ੍ਰਬੰਧਨ ਸਬੰਧੀ ਡਾ. ਗਰਗ ਨੇ ਕਿਹਾ ਕਿ ਕਣਕ ਵਿੱਚ ਵੱਧ ਖਾਦ ਪਾਉਣਾ ਵੱਧ ਪੈਦਾਵਾਰ ਦੀ ਗਾਰੰਟੀ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਨਤੀਜਿਆਂ, ਫ਼ਸਲ ਦੀ ਲੋੜ ਅਤੇ ਖੁਰਾਕੀ ਤੱਤਾਂ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖ ਕੇ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਫਾਸਫੋਰਸ ਦੀ ਲੋੜ ਪੂਰੀ ਕਰਨ ਲਈ ਡੀਏਪੀ ’ਤੇ ਨਿਰਭਰ ਰਹਿਣ ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ), ਟ੍ਰਿਪਲ ਸੁਪਰ ਫਾਸਫੇਟ (ਟੀਐੱਸਪੀ) ਅਤੇ ਐੱਨਪੀਕੇ 12:32:16 ਵਰਗੇ ਸਰੋਤਾਂ ਦੀ ਲੋੜ ਅਨੁਸਾਰ ਚੋਣ ਕੀਤੀ ਜਾ ਸਕਦੀ ਹੈ। ਇਸ ਨਾਲ ਫ਼ਸਲ ਦੀ ਲੋੜ ਅਨੁਸਾਰ ਖੁਰਾਕੀ ਤੱਤ ਦੇਣ ਦੇ ਨਾਲ ਖਾਦਾਂ ਦੀ ਵਧੇਰੇ ਅਤੇ ਗੈਰ-ਜ਼ਰੂਰੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਣਕ ਦੇ ਬੀਜ ਨੂੰ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਜੀਵਾਣੂੰ ਖਾਦ ਨਾਲ ਸੋਧਣ ਦੀ ਵਿਧੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਇਸ ਦੇ ਪੌਦਿਆਂ ਦੇ ਵਾਧੇ, ਪੌਸ਼ਟਿਕ ਤੱਤਾਂ ਦੀ ਉਪਲਬਧਤਾ ਅਤੇ ਫ਼ਸਲ ਦੀ ਸਿਹਤ ਲਈ ਸੰਭਾਵਿਤ ਲਾਭਾਂ ਬਾਰੇ ਜਾਣਕਾਰੀ ਦਿੱਤੀ।
ਡਾ. ਗਰਗ ਨੇ ਕਿਸਾਨਾਂ ਨੂੰ ਸਿਰਫ਼ ਕਣਕ ’ਤੇ ਨਿਰਭਰ ਰਹਿਣ ਦੀ ਬਜਾਏ ਹਾਲਾਤਾਂ ਅਨੁਸਾਰ ਦਾਲਾਂ ਅਤੇ ਤੇਲਬੀਜਾਂ ਨੂੰ ਵੀ ਫ਼ਸਲੀ ਚੱਕਰ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਗੋਭੀ ਸਰ੍ਹੋਂ (ਜੀ ਐੱਸ ਸੀ 7), ਛੋਲੇ (ਪੀ ਬੀ ਜੀ 10) ਅਤੇ ਮਟਰ (ਪੀ ਬੀ 90) ਵਰਗੀਆਂ ਪੀਏਯੂ ਸਿਫ਼ਾਰਸ਼ੀ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨਾਲ ਕਿਸਾਨਾਂ ਨੂੰ ਵਿਕਲਪਿਕ ਆਮਦਨ ਦੇ ਮੌਕੇ ਮਿਲਣ ਦੇ ਨਾਲ ਮਿੱਟੀ ਦੀ ਸਿਹਤ ਅਤੇ ਖੁਰਾਕੀ ਸੁਰੱਖਿਆ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਕੈਂਪ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ, ਕਣਕ ਵਿੱਚ ਖਾਦਾਂ ਦੀ ਵਰਤੋਂ, ਮੈਗਨੀਜ਼ ਦੀ ਘਾਟ ਦੀ ਪਛਾਣ ਅਤੇ ਇਸ ਦੇ ਛਿੜਕਾਅ, ਕਣਕ ਦੀਆਂ ਕਿਸਮਾਂ ਅਤੇ ਹਾੜ੍ਹੀ ਦੀ ਫ਼ਸਲਾਂ ਦੀ ਯੋਜਨਾਬੰਦੀ ਸਬੰਧੀ ਸਵਾਲ ਪੁੱਛੇ ਗਏ। ਡਾ. ਗਰਗ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ। ਕਿਸਾਨਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਗੋਭੀ ਸਰ੍ਹੋਂ ਦਾ ਬੀਜ, ਕਣਕ ਲਈ ਜੀਵਾਣੂੰ ਖਾਦ ਅਤੇ ਪੀਏਯੂ ਦਾ ਖੇਤੀਬਾੜੀ ਸਾਹਿਤ ਵੀ ਉਪਲਬਧ ਕਰਵਾਇਆ ਗਿਆ। ਕੈਂਪ ਦੀ ਸਫਲਤਾ ਵਿੱਚ ਸ. ਬਲਜੀਤ ਸਿੰਘ, ਸ. ਗੁਰਚਰਨ ਸਿੰਘ (ਸਰਪੰਚ), ਸੈਕਟਰੀ ਕੋਆਪ੍ਰੇਟਿਵ ਸੋਸਾਇਟੀ ਅਤੇ ਹੋਰ ਕਿਸਾਨਾਂ ਅਤੇ ਸਥਾਨਕ ਸਹਿਯੋਗੀਆਂ ਨੇ ਸਰਗਰਮ ਭੂਮਿਕਾ ਨਿਭਾਈ।






