ਨਵੀਂ ਦਿੱਲੀ, 13 ਸਤੰਬਰ 2026, (ਗੁਰਮੀਤ ਸਿੰਘ ਤੁੰਗ) : ਭਾਰਤ ਵਿੱਚ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਬ੍ਰਿਕਸ ਦੀ ਅਗਲੀ ਅਗਵਾਈ ਚੀਨ ਨੂੰ ਸੌਂਪ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ 2027 ਵਿੱਚ ਅਗਲੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬ੍ਰਿਕਸ ਆਪਣੇ ਤੀਜੇ ਦਹਾਕੇ ਵਿੱਚ ਦਾਖਲ ਹੋ ਰਿਹਾ ਹੈ ਅਤੇ ਦੁਨੀਆ ਹੁਣ ਇਸ ਸਮੂਹ ਤੋਂ “ਠੋਸ ਨਤੀਜਿਆਂ” ਦੀ ਉਮੀਦ ਕਰਦੀ ਹੈ। ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ ਦੇ ਦੂਜੇ ਦਿਨ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੂਹ ਨੂੰ ਸਿਰਫ਼ ਵਿਚਾਰਾਂ ਅਤੇ ਵਚਨਬੱਧਤਾਵਾਂ ਤੱਕ ਸੀਮਤ ਨਾ ਰਹਿ ਕੇ ਸਾਂਝੇ ਯਤਨਾਂ ਰਾਹੀਂ ਠੋਸ ਨਤੀਜੇ ਦੇਣੇ ਹੋਣਗੇ। ਉਨ੍ਹਾਂ ਨੇ ਸੰਮੇਲਨ ਨੂੰ ਸਫਲ ਬਣਾਉਣ ਲਈ ਸਾਰੇ ਆਗੂਆਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ। ਸੰਮੇਲਨ ਦੌਰਾਨ ‘ਸਹਿਣਸ਼ੀਲਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ’ ਰਾਹੀਂ ਸਮਾਵੇਸ਼ੀ ਵਿਸ਼ਵ ਵਿਕਾਸ ਦੇ ਭਵਿੱਖ ਨੂੰ ਆਕਾਰ ਦੇਣ ’ਤੇ ਚਰਚਾ ਹੋਈ। ਬ੍ਰਿਕਸ ਆਗੂਆਂ ਨੇ ਵਿਸ਼ਵ ਸ਼ਾਂਤੀ, ਆਰਥਿਕ ਸਹਿਯੋਗ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਭੂਮਿਕਾ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਬ੍ਰਿਕਸ ਦੇ ਵਿਸਤਾਰ ਅਤੇ ਆਰਥਿਕ-ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ। ਹੁਣ ਚੀਨ ਦੀ ਅਗਵਾਈ ਹੇਠ 2027 ਵਿੱਚ ਹੋਣ ਵਾਲੇ ਸੰਮੇਲਨ ’ਤੇ ਸਮੂਹ ਦੇ ਅਗਲੇ ਪੜਾਅ ਦੀਆਂ ਤਰਜੀਹਾਂ ਤੈਅ ਕਰਨ ਦੀ ਜ਼ਿੰਮੇਵਾਰੀ ਹੋਵੇਗੀ।







