ਫਤਹਿਗੜ੍ਹ ਸਾਹਿਬ, 27 ਅਗਸਤ, 2026 (ਰਾਜੇਸ਼ ਕੁਮਾਰ) : ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਸਹਾਰਾ ਗਊਧਨ ਦੀ ਸਾਂਭ ਸੰਭਾਲ ਅਤੇ ਜ਼ਿਲ੍ਹੇ ਦੀਆਂ ਗਉਸ਼ਾਲਾਵਾਂ ਅੰਦਰ ਗਊਧਨ ਲਈ ਲੋਂੜੀਦੇ ਪ੍ਰਬੰਧਾਂ ਸਬੰਧੀ ਵੱਖ ਵੱਖ ਵਿਭਾਗੀ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਅਹਿਮ ਮੀਟਿੰਗ ਕੀਤੀ। ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਮਾਫ਼ ਕਰਕੇ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਰਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸੜਕਾਂ ਤੇ ਬੇਸਹਾਰਾ ਗਊਧਨ ਨੁੰ ਸਰਕਾਰੀ ਜਾਂ ਨਿੱਜੀ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਲਈ ਸਬੰਧਤ ਵਿਭਾਗਾਂ ਨੂੰ ਪੂਰੀ ਜਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਮੋਹਰੀ ਭੂਮਿਕਾ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਗੜੋਲੀਆਂ ਵਿਖੇ 18 ਏਕੜ ਜ਼ਮੀਨ ਵਿੱਚ ਕਰੀਬ 1.76 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ ਜਿਸਦੇ ਵਿੱਚ 5 ਹਜਾਰ ਪਸ਼ੂ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਸ਼ਹਿਰੀ ਖੇਤਰ ਅੰਦਰ ਕਾਰਜਸਾਧਕ ਅਫ਼ਸਰ ਅਤੇ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਨੂੰ ਸੜਕਾਂ ਦੇ ਘੁੰਮਣ ਵਾਲੇ ਬੇਸਹਾਰਾ ਗਊਧਨ ਨੂੰ ਸਰਕਾਰੀ ਗਊਸ਼ਾਲਾ ਜਾਂ ਪ੍ਰਾਈਵੇਟ ਗਊਸਾਲਵਾਂ ਵਿੱਚ ਪਹੁੰਚਾਉਣ ਦੀ ਹਦਾਇਤ ਕੀਤੀ। ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜਖ਼ਮੀ ਜਾਂ ਬਿਮਾਰ ਪਸ਼ੂਆਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ 11 ਗਉਸ਼ਾਲਾਵਾਂ ਵਿੱਚ ਕਰੀਬ 3 ਕਰੋੜ 06 ਲੱਖ ਰੁਪਏ ਦੀ ਲਾਗਤ ਵਾਲੇ ਕਾਊ-ਲਿਫਟਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਡਾ ਭੁਪਿੰਦਰ ਪਾਲ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਪ਼ਸੂਆਂ ਦੇ ਮੈਡੀਕਲ ਚੈਕਅੱਪ ਲਈ ਵੈਟਨਰੀ ਅਫਸਰਾਂ ਦੀ ਡਿਊਟੀ ਲਗਾਈ ਜਾਵੇ ਅਤੇ ਸਬੰਧਤ ਦਾ ਡਿਊਟੀ ਰੋਸਟਰ ਹਰੇਕ ਗਉਸ਼ਾਲਾ ਵਿਖੇ ਨੋਟਿਸ ਬੋਰਡ ਦੇ ਤੋਰ ਤੇ ਲਗਾਇਆ ਜਾਵੇ। ਇਸ ਮੋਕੇ ਐਸ.ਡੀ.ਐਮ. ਬਸੀ ਪਠਾਣਾ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਸੂਬਾ ਸਿੰਘ, ਡੀ.ਡੀ.ਪੀ.ਓ ਜਸਪ੍ਰੀਤ ਕੌਰ, ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ, ਕੌਮੀ ਪ੍ਰਧਾਨ ਸਤੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕ ਹਾਜਰ ਸਨ।







