ਨੇਪਾਲ, 8 ਅਕਤੂਬਰ 2026 (ਛਤਰਪਾਲ ਸਿੰਘ): ਪੱਛਮੀ ਨੇਪਾਲ ਵਿੱਚ ਬੀਤੀ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.1 ਦਰਜ ਕੀਤੀ ਗਈ। ਜਾਣਕਾਰੀ ਅਨੁਸਾਰ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤ 9:37 ਵਜੇ ਆਇਆ। ਇਸ ਦਾ ਕੇਂਦਰ ਸੁਦੂਰਪੱਛਮ ਸੂਬੇ ਦੇ ਬਾਜੂਰਾ ਜ਼ਿਲ੍ਹੇ ਵਿੱਚ ਬੁਧੀਗੰਗਾ ਨਗਰਪਾਲਿਕਾ ਦੇ ਵਾਰਡ ਨੰਬਰ 10 ਦੇ ਨੇੜੇ ਦਰਜ ਕੀਤਾ ਗਿਆ। ਇਹ ਸਥਾਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਲਗਭਗ 750 ਕਿਲੋਮੀਟਰ ਪੱਛਮ ਵੱਲ ਸਥਿਤ ਹੈ।
ਭੂਚਾਲ ਦੀ ਕੰਪਨ ਬਾਜੂਰਾ ਤੋਂ ਇਲਾਵਾ ਆਸ-ਪਾਸ ਦੇ ਬਝੰਗ, ਕਾਲੀਕੋਟ ਅਤੇ ਅਛਾਮ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੀ ਗਈ। ਝਟਕੇ ਮਹਿਸੂਸ ਹੋਣ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣਿਆ, ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਜਾਂ ਸੰਪਤੀ ਨੂੰ ਨੁਕਸਾਨ ਪਹੁੰਚਣ ਦੀ ਸੂਚਨਾ ਸਾਹਮਣੇ ਨਹੀਂ ਆਈ। ਭੂਚਾਲ ਵਿਗਿਆਨੀਆਂ ਅਨੁਸਾਰ ਹਿਮਾਲਿਆਈ ਖੇਤਰ ਵਿੱਚ ਸਥਿਤ ਹੋਣ ਕਾਰਨ ਨੇਪਾਲ ਭੂਚਾਲ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਦੇਸ਼ਾਂ ਵਿੱਚ ਸ਼ਾਮਲ ਹੈ। ਇੱਥੇ ਟੈਕਟੋਨਿਕ ਪਲੇਟਾਂ ਦੀ ਲਗਾਤਾਰ ਗਤੀਵਿਧੀ ਕਾਰਨ ਸਮੇਂ-ਸਮੇਂ ’ਤੇ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਅਧਿਕਾਰੀਆਂ ਵੱਲੋਂ ਭੂਚਾਲ ਤੋਂ ਬਾਅਦ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਨਾ ਮਿਲਣ ਕਾਰਨ ਸਥਿਤੀ ਆਮ ਦੱਸੀ ਜਾ ਰਹੀ ਹੈ।







