ਵਿਦਿਆਰਥਣ ਦੀ ਲਾ.ਸ਼. ਸਮਾਣਾ ਖੇਤਰ ਵਿੱਚੋਂ ਨਹਿਰ ‘ਚੋਂ ਬਰਾਮਦ
ਪਟਿਆਲਾ, 23 ਜੂਨ: (ਬਲਜੀਤ ਸਰਨਾ) : ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਕੰਢੇ 20 ਜੂਨ ਨੂੰ ਮਿਲੀ ਇੱਕ ਲਾਵਾਰਿਸ ਐਕਟਿਵਾ ਸਕੂਟਰ ਅਤੇ ਹੋਰ ਸਮਾਨ ਦੇ ਮਾਮਲੇ ਵਿੱਚ ਦੁਖਦਾਈ ਮੋੜ ਆ ਗਿਆ ਹੈ। ਗੋਤਾਖੋਰ ਟੀਮ ਵੱਲੋਂ ਕੀਤੀ ਗਈ ਭਾਲ ਦੌਰਾਨ ਇੱਕ ਵਿਦਿਆਰਥਣ ਦੀ ਲਾਸ਼ ਸਮਾਣਾ ਹਲਕੇ ਅਧੀਨ ਪੈਂਦੀ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ 20 ਜੂਨ ਨੂੰ ਭਾਖੜਾ ਨਹਿਰ ਦੇ ਕਿਨਾਰੇ ਐਕਟਿਵਾ ਸਕੂਟਰ (ਨੰਬਰ PB 34 DB 0065), ਇੱਕ ਜੋੜਾ ਲੇਡੀ ਚੱਪਲਾਂ ਅਤੇ ਪਾਣੀ ਦੀ ਬੋਤਲ ਲਾਵਾਰਿਸ ਹਾਲਤ ਵਿੱਚ ਮਿਲੀ ਸੀ। ਹਾਲਾਤਾਂ ਨੂੰ ਦੇਖਦੇ ਹੋਏ ਗੋਤਾਖੋਰ ਟੀਮ ਨੇ ਤੁਰੰਤ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਗੋਤਾਖੋਰ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਟੀਮ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਸਮਾਣਾ ਖੇਤਰ ਵਿੱਚੋਂ ਨਹਿਰ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸੰਬੰਧਤ ਵਿਦਿਆਰਥਣ ਵਜੋਂ ਹੋਈ ਹੈ।
ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਦਿਆਰਥਣ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇੱਕ ਪੀ.ਜੀ. ਵਿੱਚ ਰਹਿੰਦੀ ਸੀ।
ਇਸ ਦੌਰਾਨ ਪਰਿਵਾਰ ਨੇ ਵਿਦਿਆਰਥਣ ਦੀਆਂ ਕੁਝ ਸਹੇਲੀਆਂ ਉੱਤੇ ਗੰਭੀਰ ਸ਼ੱਕ ਜਤਾਉਂਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਦੇ ਹਰ ਪੱਖ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।








