ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਵਿਜਯਾ ਰਹਾਟਕਰ ਨੇ ਲੱਖਪਤੀ ਦੀਦੀਆਂ ਦੇ ਜਜ਼ਬੇ ਨੂੰ ਸਲਾਹਿਆ
ਪਟਿਆਲਾ, 18 ਜੂਨ: (ਛਤਰਪਾਲ ਸਿੰਘ): ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਹਾਟਕਰ ਨੇ ਪਟਿਆਲਾ ਦੇ ਸਵੈ ਸਹਾਇਤਾ ਸਮੂਹਾਂ (ਐਸ.ਐਚ.ਜੀ.) ਦੀਆਂ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਉੱਦਮਾਂ ਅਤੇ ਪ੍ਰਾਪਤੀਆਂ ਦੀ ਭਰਵੀਂ ਸ਼ਲਾਘਾ ਕੀਤੀ। ਆਪਣੇ ਪਟਿਆਲਾ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਰਾਹੀਂ ਆਰਥਿਕ ਤੌਰ ’ਤੇ ਸਸ਼ਕਤ ਹੋ ਕੇ ਲੱਖਪਤੀ ਦੀਦੀਆਂ ਬਣੀਆਂ ਮਹਿਲਾਵਾਂ ਹੋਰਨਾਂ ਔਰਤਾਂ ਲਈ ਪ੍ਰੇਰਣਾ ਸਰੋਤ ਬਣ ਰਹੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।
ਸ਼੍ਰੀਮਤੀ ਰਹਾਟਕਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨਾ ਸਿਰਫ਼ ਆਤਮਨਿਰਭਰ ਬਣ ਰਹੀਆਂ ਹਨ, ਸਗੋਂ ਆਪਣੇ ਪਰਿਵਾਰਾਂ ਦੀ ਆਰਥਿਕ ਮਜ਼ਬੂਤੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਵਾਂ ਵਿੱਚ ਪੈਦਾ ਹੋਇਆ ਆਤਮ-ਵਿਸ਼ਵਾਸ ਅਤੇ ਉਦਮਸ਼ੀਲਤਾ ਸਮਾਜਿਕ ਬਦਲਾਅ ਦਾ ਇੱਕ ਸਕਾਰਾਤਮਕ ਸੰਕੇਤ ਹੈ।
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਚੇਅਰਪਰਸਨ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ਦੇ ਸ਼ਲਾਘਾਯੋਗ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੂਹ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮਹਿਲਾਵਾਂ ਨੂੰ ਸਨਮਾਨਜਨਕ ਰੋਜ਼ਗਾਰ ਅਤੇ ਆਤਮਨਿਰਭਰਤਾ ਪ੍ਰਦਾਨ ਕਰ ਰਹੇ ਹਨ।
ਇਸ ਮੌਕੇ ਸ਼੍ਰੀਮਤੀ ਰਹਾਟਕਰ ਨੇ ਹਰਪ੍ਰੀਤ ਕੌਰ (ਪਿੰਡ ਅਲੌਹਰਾਂ ਖੁਰਦ) ਦੇ ਪਟਿਆਲਾ ਕਿੰਗ ਆਜੀਵਿਕਾ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੇ ਜਾ ਰਹੇ ਆਰਗੈਨਿਕ ਹੋਮਮੇਡ ਉਤਪਾਦਾਂ, ਹਰਪ੍ਰੀਤ ਕੌਰ (ਪਿੰਡ ਮਲਕੋ) ਦੇ ਆਸ਼ਾ ਆਜੀਵਿਕਾ ਸੈਲਫ ਹੈਲਪ ਗਰੁੱਪ ਦੀਆਂ ਪੰਜਾਬੀ ਜੁੱਤੀਆਂ, ਭਿੰਦਰ ਕੌਰ (ਪਿੰਡ ਰਣਜੀਤਗੜ੍ਹ) ਦੇ ਏਕਤਾ ਆਜੀਵਿਕਾ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੇ ਸਾਬਣ, ਸੁਖਜੀਤ ਕੌਰ (ਪਿੰਡ ਮਨਸੂਰਪੁਰ) ਦੇ ਭਗਤ ਰਵੀਦਾਸ ਆਜੀਵਿਕਾ ਸੈਲਫ ਹੈਲਪ ਗਰੁੱਪ ਦੇ ਬੈਗ, ਹਰਪ੍ਰੀਤ ਕੌਰ (ਪਿੰਡ ਢੀਂਗੀ) ਦੇ ਗੁਰੂ ਤੇਗ ਬਹਾਦੁਰ ਆਜੀਵਿਕਾ ਸੈਲਫ ਹੈਲਪ ਗਰੁੱਪ ਦੇ ਸਾਬਣ ਅਤੇ ਕੁਲਵਿੰਦਰ ਕੌਰ (ਪਿੰਡ ਸਾਲੂਵਾਲ) ਦੇ ਕਿਸਮਤ ਆਜੀਵਿਕਾ ਸੈਲਫ ਹੈਲਪ ਗਰੁੱਪ ਦੀ ਫੁਲਕਾਰੀ ਦਾ ਬਰੀਕੀ ਨਾਲ ਜਾਇਜ਼ਾ ਲਿਆ।
ਉਨ੍ਹਾਂ ਇਨ੍ਹਾਂ ਸਮੂਹਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਦੀ ਬ੍ਰਾਂਡਿੰਗ, ਪੈਕੇਜਿੰਗ ਅਤੇ ਡਿਜ਼ੀਟਲ ਮਾਰਕੀਟਿੰਗ ’ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ, ਤਾਂ ਜੋ ਇਨ੍ਹਾਂ ਉਤਪਾਦਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀ ਪਛਾਣ ਮਿਲ ਸਕੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਹਿਲਾਵਾਂ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਮੂਹਾਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਗੁਰਦੇਵ ਸਿੰਘ, ਐਸ.ਐਚ.ਜੀ. ਪ੍ਰੋਜੈਕਟ ਅਫ਼ਸਰ ਰੀਨਾ ਰਾਣੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
