ਔਰਤਾਂ ਦੀ ਆਵਾਜ਼ ਸੁਣਨ ਪਟਿਆਲਾ ਪਹੁੰਚੀ ਮਹਿਲਾ ਕਮਿਸ਼ਨ ਚੇਅਰਪਰਸਨ
ਪਟਿਆਲਾ, 18 ਜੂਨ: ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਨੇ ‘ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ’ ਤਹਿਤ ਪਟਿਆਲਾ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਲਗਭਗ 45 ਮਹਿਲਾ ਸ਼ਿਕਾਇਤਾਂ ਦੀ ਸੁਣਵਾਈ ਕੀਤੀ। ਉਨ੍ਹਾਂ ਨੇ ਮੌਕੇ ’ਤੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੀੜਤ ਮਹਿਲਾਵਾਂ ਨੂੰ ਜਲਦ ਨਿਆਂ ਦਿਵਾਉਣ ਲਈ ਹਦਾਇਤਾਂ ਦਿੱਤੀਆਂ।

ਰਹਾਟਕਰ ਨੇ ਕਿਹਾ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਦੇਣਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਮਹਿਲਾਵਾਂ ਵਿਰੁੱਧ ਭੱਦੀ ਸ਼ਬਦਾਵਲੀ ਅਤੇ ਚਰਿੱਤਰ ਹਨਨ ਦੇ ਮਾਮਲਿਆਂ ’ਤੇ ਸਖ਼ਤ ਰੁਖ ਅਪਣਾਉਣ ਦੀ ਗੱਲ ਕਹੀ।
ਚੇਅਰਪਰਸਨ ਨੇ ਪਟਿਆਲਾ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਸਮੀਖਿਆ ਬੈਠਕ ਕਰਕੇ ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਹਿਲਾ ਸੁਰੱਖਿਆ, ਸਸ਼ਕਤੀਕਰਨ, ਸਾਇਬਰ ਕ੍ਰਾਈਮ ਅਤੇ ਨਸ਼ਿਆਂ ਦੇ ਪ੍ਰਭਾਵ ਵਰਗੇ ਮੁੱਦਿਆਂ ’ਤੇ ਵੀ ਚਿੰਤਾ ਜਤਾਈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸਐਸਪੀ ਵਰੁਣ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।