ਦੌਲਤਪੁਰਾ: 17 ਜੂਨ 2026 (ਬਲਜੀਤ ਸਰਨਾ): ਪਿੰਡ ਦੌਲਤਪੁਰਾ ਵਿੱਚ ਨਵੇਂ ਸ਼ਮਸ਼ਾਨਘਾਟ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪਿੰਡ ਦੀਆਂ ਦੋ ਧਿਰਾਂ ਦੇ ਵੱਖ-ਵੱਖ ਵਿਚਾਰ ਸਾਹਮਣੇ ਆਏ ਹਨ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਸਰਪੰਚ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਰਾਣਾ ਸ਼ਮਸ਼ਾਨਘਾਟ ਹੜ੍ਹਾਂ ਕਾਰਨ ਪ੍ਰਭਾਵਿਤ ਹੋ ਚੁੱਕਾ ਸੀ ਅਤੇ ਉੱਥੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ। ਉਨ੍ਹਾਂ ਮੁਤਾਬਕ ਗ੍ਰਾਮ ਸਭਾ ਦੇ ਮਤੇ ਅਨੁਸਾਰ ਪਿੰਡ ਵਾਸੀਆਂ ਦੀ ਸਹੂਲਤ ਲਈ ਨਵਾਂ ਸ਼ਮਸ਼ਾਨਘਾਟ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕੰਮ ਲਈ ਨਾ ਤਾਂ ਕੋਈ ਸਰਕਾਰੀ ਗ੍ਰਾਂਟ ਵਰਤੀ ਗਈ ਹੈ ਅਤੇ ਨਾ ਹੀ ਪੰਚਾਇਤ ਦੇ ਫੰਡ, ਸਗੋਂ ਇਹ ਕੰਮ ਲੋਕ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਕੁਝ ਪਿੰਡ ਵਾਸੀਆਂ ਨੇ ਇਸ ਨਿਰਮਾਣ ‘ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਗਾਇਆ ਹੈ ਕਿ ਇਹ ਕੰਮ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਵਿਵਾਦਿਤ ਜ਼ਮੀਨ ਨੂੰ ਬੱਚਿਆਂ ਲਈ ਖੇਡ ਮੈਦਾਨ ਜਾਂ ਸਿੱਖਿਆ ਸੰਬੰਧੀ ਸਹੂਲਤਾਂ ਲਈ ਵਰਤਿਆ ਜਾਣਾ ਚਾਹੀਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ।
ਪਿੰਡ ਵਾਸੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਆਪਣੀਆਂ ਮੰਗਾਂ ਸਬੰਧੀ ਕਈ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਰਿਹਾ ਹੈ, ਫਿਰ ਵੀ ਨਿਰਮਾਣ ਕਾਰਜ ਜਾਰੀ ਹੈ। ਵਧਦੇ ਵਿਵਾਦ ਦੇ ਮੱਦੇਨਜ਼ਰ ਦੋਵਾਂ ਧਿਰਾਂ ਨੇ ਪ੍ਰਸ਼ਾਸਨ ਤੋਂ ਦਖਲ ਦੇ ਕੇ ਮਾਮਲੇ ਦਾ ਨਿਰਪੱਖ ਅਤੇ ਸਥਾਈ ਹੱਲ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਪਿੰਡ ਵਿੱਚ ਬਣੀ ਤਣਾਅਪੂਰਨ ਸਥਿਤੀ ਨੂੰ ਖਤਮ ਕੀਤਾ ਜਾ ਸਕੇ।
