Home ਪੰਜਾਬ ਰੂਪਨਗਰ ਵਿੱਚ ਮਾਤਰੀ ਮੌਤ ਦਰ ਘਟਾਉਣ ਲਈ ਅਹਿਮ ਰਿਵਿਊ ਮੀਟਿੰਗ, ਜੱਚਾ-ਬੱਚਾ ਸਿਹਤ...

ਰੂਪਨਗਰ ਵਿੱਚ ਮਾਤਰੀ ਮੌਤ ਦਰ ਘਟਾਉਣ ਲਈ ਅਹਿਮ ਰਿਵਿਊ ਮੀਟਿੰਗ, ਜੱਚਾ-ਬੱਚਾ ਸਿਹਤ ਸੇਵਾਵਾਂ ਮਜ਼ਬੂਤ ਕਰਨ ’ਤੇ ਜ਼ੋਰ

0

ਜ਼ਿਲ੍ਹੇ ਵਿੱਚ ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਤਰੀ ਮੌਤ ਦਰ ਨੂੰ ਘਟਾਉਣ ਦੇ ਮਕਸਦ ਨਾਲ ਸਿਵਲ ਸਰਜਨ ਰੂਪਨਗਰ ਵੱਲੋਂ ਇੱਕ ਅਹਿਮ ਮਾਤਰੀ ਮੌਤ ਰਿਵਿਊ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਸਮੇਂ ਵਿੱਚ ਹੋਈਆਂ ਮਾਤਰੀ ਮੌਤਾਂ ਦੇ ਕਾਰਨਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਵਿੱਚ ਅਜਿਹੀਆਂ ਦੁੱਖਦਾਈ ਘਟਨਾਵਾਂ ਨੂੰ ਰੋਕਣ ਲਈ ਨਵੀਆਂ ਰਣਨੀਤੀਆਂ ਤਿਆਰ ਕੀਤੀਆਂ ਗਈਆਂ।

ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਹਦਾਇਤ ਦਿੱਤੀ ਕਿ ਹਰ ਬਲਾਕ ਵਿੱਚ ਹਾਈ-ਰਿਸਕ ਗਰਭਵਤੀ ਮਹਿਲਾਵਾਂ ਦੀ ਜਲਦੀ ਪਛਾਣ ਕੀਤੀ ਜਾਵੇ ਅਤੇ ਅਜਿਹੇ ਕੇਸਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਯਕੀਨੀ ਬਣਾਈ ਜਾਵੇ, ਤਾਂ ਜੋ ਜਣੇਪੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਉੱਚ ਪੱਧਰੀ ਸਿਹਤ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਵੇ। ਇਸ ਦੇ ਨਾਲ ਹੀ ਐਂਬੂਲੈਂਸ ਸੇਵਾਵਾਂ (108) ਅਤੇ ਰੈਫਰਲ ਪ੍ਰਣਾਲੀ ਨੂੰ ਹੋਰ ਚੁਸਤ-ਦਰੁਸਤ ਬਣਾਉਣ ਦੇ ਵੀ ਆਦੇਸ਼ ਦਿੱਤੇ ਗਏ।

ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਨੇ ਦੱਸਿਆ ਕਿ ਹਰ ਗਰਭਵਤੀ ਮਹਿਲਾ ਦੇ ਘੱਟੋ-ਘੱਟ ਚਾਰ ਐਂਟੀ-ਨੇਟਲ ਚੈੱਕਅਪ ਯਕੀਨੀ ਬਣਾਉਣ ਲਈ ਫੀਲਡ ਸਟਾਫ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਦੀ ਲਗਾਤਾਰ ਨਿਗਰਾਨੀ ’ਤੇ ਖ਼ਾਸ ਧਿਆਨ ਦਿੱਤਾ ਜਾਵੇ, ਤਾਂ ਜੋ ਇਕਲੈਂਪਸੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਥਾਗਤ ਜਣੇਪੇ ਨੂੰ ਪ੍ਰੋਤਸਾਹਿਤ ਕਰਨ ਲਈ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨੂੰ ਘਰਾਂ ਵਿੱਚ ਹੋਣ ਵਾਲੇ ਜਣੇਪਿਆਂ ਨੂੰ ਸਿਫ਼ਰ ਕਰਨ ਅਤੇ ਹਰ ਜਣੇਪਾ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਿੱਜੀ ਹਸਪਤਾਲ ਵਿੱਚ ਕਰਵਾਉਣ ਲਈ ਕਿਹਾ ਗਿਆ ਹੈ।

ਅੰਤ ਵਿੱਚ ਸਿਹਤ ਅਧਿਕਾਰੀਆਂ ਨੇ ਦ੍ਰਿੜਤਾ ਜਤਾਈ ਕਿ “ਸਾਡਾ ਮੁੱਖ ਟੀਚਾ ਜ਼ਿਲ੍ਹੇ ਵਿੱਚ ਮਾਤਰੀ ਮੌਤ ਦਰ ਨੂੰ ਘੱਟ ਕਰਨਾ ਹੈ। ਹਰ ਮਾਂ ਦੀ ਜ਼ਿੰਦਗੀ ਕੀਮਤੀ ਹੈ ਅਤੇ ਸਿਹਤ ਵਿਭਾਗ ਹਰ ਗਰਭਵਤੀ ਮਹਿਲਾ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਜਣੇਪਾ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

Exit mobile version