Home ਦੇਸ਼ ਸਿੰਗੂਰ ਰੈਲੀ ’ਚ ਪੀਐਮ ਮੋਦੀ ਦਾ ਟੀਐਮਸੀ ’ਤੇ ਤਿੱਖਾ ਹਮਲਾ, ਘੁਸਪੈਠੀਆਂ ਨੂੰ...

ਸਿੰਗੂਰ ਰੈਲੀ ’ਚ ਪੀਐਮ ਮੋਦੀ ਦਾ ਟੀਐਮਸੀ ’ਤੇ ਤਿੱਖਾ ਹਮਲਾ, ਘੁਸਪੈਠੀਆਂ ਨੂੰ ਵਾਪਸ ਭੇਜਣ ਦੀ ਕੀਤੀ ਮੰਗ

0

ਪੱਛਮੀ ਬੰਗਾਲ, 18 ਜਨਵਰੀ 2026 — ਪੱਛਮੀ ਬੰਗਾਲ ਦੇ ਸਿੰਗੂਰ ਵਿੱਚ ਆਯੋਜਿਤ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਅਤੇ ਪੱਛਮੀ ਬੰਗਾਲ ਵਿੱਚ 15 ਸਾਲਾਂ ਤੋਂ ਚੱਲ ਰਹੇ “ਜੰਗਲ ਰਾਜ” ਦਾ ਅੰਤ ਹੋਣਾ ਲਾਜ਼ਮੀ ਹੈ।

ਪੀਐਮ ਮੋਦੀ ਨੇ ਕਿਹਾ ਕਿ ਬੰਗਾਲ ਦੇ ਲੋਕ ਤ੍ਰਿਣਮੂਲ ਕਾਂਗਰਸ ਦੇ “ਕੁਸ਼ਾਸਨ” ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੰਗਾਲ ਦੀ ਜਨਤਾ ਟੀਐਮਸੀ ਸਰਕਾਰ ਨੂੰ ਕਰਾਰਾ ਜਵਾਬ ਦੇਵੇਗੀ।

ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, “ਪੱਛਮੀ ਬੰਗਾਲ ਅਤੇ ਦੇਸ਼ ਦੇ ਵਿਕਾਸ ਲਈ ਸਾਨੂੰ ‘ਵੰਦੇ ਮਾਤਰਮ’ ਨੂੰ ਮੰਤਰ ਬਣਾਉਣਾ ਹੋਵੇਗਾ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਬੰਗਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਮਿਲਿਆ, ਜਦਕਿ ਤ੍ਰਿਣਮੂਲ ਕਾਂਗਰਸ ਯੂਪੀਏ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਇਹ ਦਰਜਾ ਦਿਵਾਣ ਵਿੱਚ ਅਸਫ਼ਲ ਰਹੀ।”

ਪੀਐਮ ਮੋਦੀ ਨੇ ਦੋਸ਼ ਲਗਾਇਆ ਕਿ ਟੀਐਮਸੀ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਬੰਗਾਲ ਦੇ ਲੋਕਾਂ ਤੱਕ ਪਹੁੰਚਣ ਤੋਂ ਰੋਕ ਰਹੀ ਹੈ। ਉਨ੍ਹਾਂ ਕਿਹਾ, “ਜਦੋਂ ਸਰਕਾਰ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕਰੇ, ਤਾਂ ਕੀ ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ? ਬੰਗਾਲ ਦੇ ਲੋਕ ਇਸ ਵਾਰ ‘ਜ਼ਾਲਮ’ ਤ੍ਰਿਣਮੂਲ ਸਰਕਾਰ ਨੂੰ ਸਬਕ ਸਿਖਾਉਣਗੇ।”

ਸਿੱਖਿਆ ਪ੍ਰਣਾਲੀ ’ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਦੀ ਸਿੱਖਿਆ ਵਿਵਸਥਾ ਟੀਐਮਸੀ ਦੇ ਭ੍ਰਿਸ਼ਟਾਚਾਰ ਦੀ ਚਪੇਟ ਵਿੱਚ ਹੈ, ਜਿਸ ਕਾਰਨ ਵਿਦਿਆਰਥੀ ਮਿਆਰੀ ਸਿੱਖਿਆ ਤੋਂ ਵੰਝੇ ਰਹਿ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਕਾਰਨ ਕਈ ਅਧਿਆਪਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀ ਪਈਆਂ ਹਨ ਅਤੇ ਇਸ ਹਾਲਤ ਤੋਂ ਬਚਣ ਲਈ ਭਾਜਪਾ ਨੂੰ ਵੋਟ ਦੇਣਾ ਜ਼ਰੂਰੀ ਹੈ।

ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਬੰਗਾਲ ਵਿੱਚ ਕਈ ਲੋਕ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਟੀਐਮਸੀ ਸਰਕਾਰ ਦੇ ਸਮਰਥਨ ਨਾਲ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਵਾਪਸ ਭੇਜਣਾ ਬਹੁਤ ਜ਼ਰੂਰੀ ਹੋ ਗਿਆ ਹੈ।

Exit mobile version