5 ਸਾਲਾਂ ‘ਚ ਦਰਜਨ ਭਰ ਖਿਡਾਰੀ ਤੇ ਪ੍ਰਮੋਟਰ ਕਤਲ
ਬਠਿੰਡਾ, 20 ਦਸੰਬਰ 2025: (ਗੁਰਪ੍ਰੀਤ ਸਿੰਘ ) ਪੰਜਾਬ ਵਿੱਚ ਕਬੱਡੀ ‘ਤੇ ਗੈਂਗਸਟਰਾਂ ਦਾ ਦਬਦਬਾ ਕਾਇਮ ਕਰਨ ਲਈ ਖਿਡਾਰੀਆਂ ਅਤੇ ਪ੍ਰਮੋਟਰਾਂ ਦੇ ਕਤਲਾਂ ਦੀ ਲੜੀ ਥਮਣ ਦਾ ਨਾਮ ਨਹੀਂ ਲੈ ਰਹੀ। ਤੱਥ ਗਵਾਹ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਇੱਕ ਦਰਜਨ ਤੋਂ ਵੱਧ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਪ੍ਰਮੋਟਰਾਂ ਦੀ ਹੱਤਿਆ ਹੋ ਚੁੱਕੀ ਹੈ। ਇਹ ਖੂਨੀ ਵਾਰਦਾਤਾਂ ਹੁਣ ਸਿਰਫ਼ ਕਾਨੂੰਨ-ਵਿਵਸਥਾ ਹੀ ਨਹੀਂ, ਸਗੋਂ ਸਮਾਜਿਕ ਢਾਂਚੇ ਲਈ ਵੀ ਗੰਭੀਰ ਚੁਣੌਤੀ ਬਣ ਗਈਆਂ ਹਨ।
ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਕਤਲਾਂ ਦਾ ਮੁੱਖ ਮਕਸਦ ਵਿਦੇਸ਼ੀ ਪੈਸੇ, ਕਰੋੜਾਂ ਦੀ ਇਨਾਮੀ ਰਾਸ਼ੀ ਅਤੇ ਕਬੱਡੀ ਮੈਚਾਂ ‘ਤੇ ਪੂਰਾ ਕੰਟਰੋਲ ਕਾਇਮ ਕਰਨਾ ਹੈ। ਐੱਸਐੱਸਪੀ ਹਰਮਨਦੀਪ ਹਾਂਸ ਪਹਿਲਾਂ ਹੀ ਮੰਨ ਚੁੱਕੇ ਹਨ ਕਿ ਮੁਹਾਲੀ ਵਿਖੇ ਰਾਣਾ ਬਲਾਚੌਰੀਆ ਦਾ ਕਤਲ ਕਬੱਡੀ ਟੂਰਨਾਮੈਂਟਾਂ ‘ਤੇ ਗੈਂਗਸਟਰਾਂ ਦਾ ਦਬਦਬਾ ਬਣਾਉਣ ਲਈ ਕੀਤਾ ਗਿਆ ਸੀ।
ਪੁਲਿਸ ਜਾਂਚ ਅਨੁਸਾਰ, ਇਨ੍ਹਾਂ ਕਤਲਾਂ ਵਿੱਚ ਜੱਗੂ ਭਗਵਾਨਪੁਰੀਆ ਗਰੁੱਪ, ਲੱਕੀ ਪਟਿਆਲ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਕੌਸ਼ਲ ਗਰੁੱਪ ਸਮੇਤ ਕਈ ਗੈਂਗ ਅਤੇ ਉਨ੍ਹਾਂ ਦੇ ਸਹਿਯੋਗੀ ਸ਼ੂਟਰ ਸ਼ਾਮਲ ਰਹੇ ਹਨ। ਮੁਹਾਲੀ ਵਿੱਚ ਰਾਣਾ ਬਲਾਚੌਰੀਆ ਦੀ ਹੱਤਿਆ ਕੋਈ ਪਹਿਲਾ ਮਾਮਲਾ ਨਹੀਂ ਸੀ। ਦਰਅਸਲ, ਇਸ ਖੂਨੀ ਸਿਲਸਿਲੇ ਦੀ ਸ਼ੁਰੂਆਤ ਮਈ 2020 ਵਿੱਚ ਕਪੂਰਥਲਾ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੇ ਕਤਲ ਨਾਲ ਹੋਈ।
ਇਸ ਤੋਂ ਬਾਅਦ ਅਗਸਤ 2020 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿੱਚ ਕਬੱਡੀ ਖਿਡਾਰੀ ਗੁਰਮੇਜ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਰਚ 2022 ਵਿੱਚ ਜਲੰਧਰ ਨੇੜੇ ਪਿੰਡ ਮੱਲ੍ਹੀਆਂ ਕਲਾਂ ਵਿਖੇ ਨਾਮਵਰ ਕੌਮਾਂਤਰੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਚੱਲਦੇ ਮੈਚ ਦੌਰਾਨ ਹੱਤਿਆ ਨੇ ਸੂਬੇ ਨੂੰ ਝੰਝੋੜ ਕੇ ਰੱਖ ਦਿੱਤਾ। ਇਸੇ ਸਾਲ ਅਪ੍ਰੈਲ ਵਿੱਚ ਕਬੱਡੀ ਖਿਡਾਰੀ ਤੇ ਕਲੱਬ ਪ੍ਰਧਾਨ ਧਰਮਿੰਦਰ ਸਿੰਘ ਉਰਫ਼ ਭਿੰਦਾ ਅਤੇ ਫਿਰ ਅਕਤੂਬਰ-ਨਵੰਬਰ ਵਿੱਚ ਤੇਜਪਾਲ ਤੇ ਗੁਰਵਿੰਦਰ ਸਿੰਘ ਦੀਆਂ ਹੱਤਿਆਵਾਂ ਨੇ ਕਬੱਡੀ ਅਤੇ ਅਪਰਾਧ ਦੇ ਨਾਤੇ ਨੂੰ ਹੋਰ ਬੇਪਰਦ ਕਰ ਦਿੱਤਾ। ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਏ ਜਾਣ ਨਾਲ ਇਸ ਗਠਜੋੜ ‘ਤੇ ਮੋਹਰ ਲੱਗ ਗਈ।
ਸ਼ੁਰੂਆਤੀ ਦੌਰ ਵਿੱਚ ਪੁਲਿਸ ਨੇ ਇਨ੍ਹਾਂ ਕਤਲਾਂ ਨੂੰ ਜਾਤੀ ਦੁਸ਼ਮਣੀ ਨਾਲ ਜੋੜਿਆ, ਪਰ ਡੂੰਘੀ ਜਾਂਚ ਮਗਰੋਂ ਸਾਹਮਣੇ ਆਇਆ ਕਿ ਅਸਲ ਕਾਰਨ ਕਬੱਡੀ ਟੂਰਨਾਮੈਂਟਾਂ ਤੋਂ ਹੋ ਰਹੀ ਮੋਟੀ ਕਮਾਈ, ਮੈਚ ਫਿਕਸਿੰਗ ਅਤੇ ਖਿਡਾਰੀਆਂ ‘ਤੇ ਦਬਾਅ ਬਣਾਉਣਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਅਪਰਾਧੀ ਗੈਂਗ ਖਿਡਾਰੀਆਂ ਨੂੰ ਮੈਚ ਫਿਕਸ ਕਰਨ ਜਾਂ ਆਪਣੀਆਂ ਲੀਗਾਂ ਵਿੱਚ ਖੇਡਣ ਲਈ ਧਮਕੀਆਂ ਦਿੰਦੇ ਹਨ। ਕਈ ਟੂਰਨਾਮੈਂਟ ਕੈਨੇਡਾ, ਆਸਟਰੇਲੀਆ ਅਤੇ ਇੰਗਲੈਂਡ ਵਿੱਚ ਹੁੰਦੇ ਹਨ, ਜਿੱਥੇ ਇਨਾਮੀ ਰਾਸ਼ੀ ਕਰੋੜਾਂ ਵਿੱਚ ਹੁੰਦੀ ਹੈ।
ਸੂਤਰ ਦੱਸਦੇ ਹਨ ਕਿ ਇਕੱਲੇ ਪੰਜਾਬ ਵਿੱਚ ਹੋਣ ਵਾਲੇ ਵੱਡੇ ਕਬੱਡੀ ਟੂਰਨਾਮੈਂਟਾਂ ‘ਚ 30 ਤੋਂ 35 ਕਰੋੜ ਰੁਪਏ ਦਾ ਨਿਵੇਸ਼ ਹੁੰਦਾ ਹੈ, ਜਦਕਿ ਕਰੋੜਾਂ ਦਾ ਸੱਟਾ ਵੱਖਰਾ ਹੈ। ਗੈਂਗਸਟਰਾਂ ਵੱਲੋਂ ਨਵੇਂ ਕਲੱਬ ਬਣਾਉਣ, ਮੌਜੂਦਾ ਕਲੱਬਾਂ ਵਿੱਚ ਹਿੱਸੇਦਾਰੀ ਪਾਉਣ ਅਤੇ ਧਮਕੀਆਂ ਰਾਹੀਂ ਖਿਡਾਰੀਆਂ ‘ਤੇ ਦਬਾਅ ਬਣਾਉਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਕੈਨੇਡਾ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟਾਂ ਵਿੱਚ ਅਪਰਾਧਿਕ ਪੈਸੇ ਦੀ ਵਰਤੋਂ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਕਈ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ।
ਪੁਲਿਸ ਪ੍ਰਸ਼ਾਸਨ ਦੀ ਦਲੀਲ:
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਖ਼ਤਮ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਇਨ੍ਹਾਂ ਕਤਲਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ, ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਫਿਰ ਵੀ ਸਵਾਲ ਬਰਕਰਾਰ ਹੈ—ਕੀ ਕਬੱਡੀ ਮੁੜ ਆਪਣੀ ਖੇਡਾਂ ਵਾਲੀ ਪਛਾਣ ਹਾਸਲ ਕਰੇਗੀ ਜਾਂ ਅਪਰਾਧ ਦੀ ਛਾਂਹ ਹੇਠ ਹੋਰ ਖੂਨ ਵਗਦਾ ਰਹੇਗਾ?
