ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਵੱਡੀ ਗੜਬੜੀ ਦੇ ਦੋਸ਼
ਪਟਿਆਲਾ: ਪਟਿਆਲਾ ਦੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਸੰਸਦ ਮੈਂਬਰ ਅਤੇ ਵਰਤਮਾਨ ਸਮੇਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਵੱਡੇ ਪੱਧਰ ‘ਤੇ ਗੜਬੜੀ ਕੀਤੀ ਗਈ ਹੈ, ਜਿਸ ਨਾਲ ਲੋਕਤੰਤਰ ਦੀ ਪਾਰਦਰਸ਼ਤਾ ‘ਤੇ ਸਵਾਲ ਖੜੇ ਹੋ ਰਹੇ ਹਨ।
ਮਹਾਰਾਣੀ ਪ੍ਰਨੀਤ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਨੌਰ ਹਲਕੇ ਵਿੱਚ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ ਮਿਊਂਸਪਲ ਚੋਣਾਂ ਵਾਂਗ ਹੀ ਸ਼ਰੇਆਮ ਕਾਗਜ਼ ਫਾੜੇ ਗਏ। ਉਨ੍ਹਾਂ ਕਿਹਾ ਕਿ ਸ਼ੁਤਰਾਣਾ ਅਤੇ ਸਮਾਣਾ ਵਰਗੇ ਖੇਤਰ, ਜੋ ਭਾਜਪਾ ਦੇ ਮੁੱਖ ਗੜ੍ਹ ਮੰਨੇ ਜਾਂਦੇ ਹਨ, ਉੱਥੇ ਖ਼ਾਸ ਤੌਰ ‘ਤੇ ਗੜਬੜੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਾਤੜਾਂ ਵਿੱਚ ਕੁੱਲ 219 ਪੋਲਿੰਗ ਸਟੇਸ਼ਨ ਸਨ, ਪਰ 215 ਪੋਲਿੰਗ ਸਟੇਸ਼ਨਾਂ ਨੂੰ ਵੋਟਾਂ ਦੀ ਗਿਣਤੀ ਲਈ ਲਾਜ਼ਮੀ ਫਾਰਮ (17-ਙ) ਹੀ ਉਪਲਬਧ ਨਹੀਂ ਕਰਵਾਏ ਗਏ। ਇਸ ਸਬੰਧੀ ਜਦੋਂ ਅਧਿਕਾਰੀਆਂ ਕੋਲ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ ਇਹ ਫਾਰਮ ਉਨ੍ਹਾਂ ਕੋਲ ਮੌਜੂਦ ਹੀ ਨਹੀਂ ਹਨ। ਮਹਾਰਾਣੀ ਪ੍ਰਨੀਤ ਕੌਰ ਨੇ ਸਵਾਲ ਚੁੱਕਿਆ ਕਿ ਵੋਟਾਂ ਦੀ ਗਿਣਤੀ ਵਰਗੇ ਮਹੱਤਵਪੂਰਨ ਪ੍ਰਕਿਰਿਆ ਲਈ ਜ਼ਰੂਰੀ ਦਸਤਾਵੇਜ਼ਾਂ ਦਾ ਨਾ ਹੋਣਾ ਕਿਵੇਂ ਸੰਭਵ ਹੈ।
ਇਸੇ ਤਰ੍ਹਾਂ ਸਮਾਣਾ ਵਿੱਚ ਵੀ ਕਈ ਪੋਲਿੰਗ ਸਟੇਸ਼ਨਾਂ ‘ਤੇ ਫਾਰਮ ਨਾ ਮਿਲਣ ਦੀ ਗੱਲ ਉਨ੍ਹਾਂ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਵੋਟਿੰਗ ਤਾਂ ਬੜੇ ਸੁਚੱਜੇ ਢੰਗ ਨਾਲ ਅਤੇ ਬਿਨਾਂ ਕਿਸੇ ਵੱਡੀ ਗੜਬੜੀ ਦੇ ਹੋਈ, ਪਰ ਵੋਟਾਂ ਦੀ ਗਿਣਤੀ ਵੇਲੇ ਨਾ ਬੈਲਟ ਪੇਪਰ ਸਹੀ ਤਰ੍ਹਾਂ ਮਿਲ ਰਹੇ ਹਨ ਅਤੇ ਨਾ ਹੀ ਲੋੜੀਂਦੇ ਫਾਰਮ ਉਪਲਬਧ ਹਨ।
ਮਹਾਰਾਣੀ ਪ੍ਰਨੀਤ ਕੌਰ ਨੇ ਸ਼ੰਕਾ ਜਤਾਈ ਕਿ ਇਸ ਤਰ੍ਹਾਂ ਦੀ ਗੜਬੜੀ ਦਾ ਵੋਟਾਂ ਦੀ ਗਿਣਤੀ ‘ਤੇ ਗੰਭੀਰ ਅਸਰ ਪੈ ਸਕਦਾ ਹੈ ਅਤੇ ਕਿਤੇ ਨਾ ਕਿਤੇ ਕਾਗਜ਼ਾਂ ਦੇ ਜ਼ਰੀਏ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ।









