– ਐਮ.ਐਲ.ਏ. ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਅਤੇ ਸਮੂਹ ਕੌਂਸਲਰ ਸਾਹਿਬਾਨ ਦਾ ਰਿਹਾ ਪੂਰਾ ਸਹਿਯੋਗ – ਮੇਅਰ
ਪਟਿਆਲਾ, 21 ਨਵੰਬਰ (ਰਾਜੇਸ਼ ਕੁਮਾਰ) : ਮਿਉਂਸਪਲ ਵਰਕਰ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਨਿਗਮ ਦੇ ਨਵੇਂ ਬਣੇ ਆਡੀਟੋਰੀਅਮ ਹਾਲ ਦਾ ਨਾਮ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਰੱਖਣ ਲਈ ਜਨਰਲ ਹਾਊਸ ਵਿੱਚ ਮਤਾ ਪਾਸ ਕਰਨ ਲਈ ਅੱਜ ਮੇਅਰ ਕੁੰਦਨ ਗੋਗੀਆ ਦਾ ਖ਼ਾਸ ਤੌਰ ’ਤੇ ਧੰਨਵਾਦ ਕੀਤਾ ਗਿਆ.
ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਦੱਸਿਆ ਕਿ ਆਡੀਟੋਰੀਅਮ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ’ਤੇ ਰੱਖਣ ਵਿੱਚ ਐਮ.ਐਲ.ਏ. ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਅਤੇ ਸਮੂਹ ਕੌਂਸਲਰ ਸਾਹਿਬਾਨ ਦਾ ਪੂਰਾ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਿਕਾਸ ਕਾਰਜ ਵਿੱਚ ਸਭ ਦੀ ਭਾਗੀਦਾਰੀ ਨਾਲ ਹੀ ਮਾਣ ਵਧਦਾ ਹੈ।
ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਫੈਸਲਾ ਪਟਿਆਲਾ ਨਿਗਮ ਵੱਲੋਂ ਧਾਰਮਿਕ ਅਤੇ ਸੰਸਕਾਰੀ ਮੁੱਲਾਂ ਦੀ ਰੱਖਿਆ ਵੱਲ ਇਕ ਵੱਡਾ ਕਦਮ ਹੈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਇਹ ਫੈਸਲਾ ਪੂਰੇ ਸ਼ਹਿਰ ਅਤੇ ਸਿੱਖ ਸੰਗਤ ਲਈ ਮਾਣ ਵਾਲੀ ਗੱਲ ਹੈ।
ਇਸਦੇ ਨਾਲ ਹੀ ਯੂਨੀਅਨ ਵੱਲੋਂ ਨਗਰ ਨਿਗਮ ਦੀਆਂ ਵੱਖ–ਵੱਖ ਬ੍ਰਾਂਚਾਂ ਨੂੰ ਕਮਿਊਨਿਟੀ ਸੈਂਟਰ ਮਾਡਲ ਟਾਊਨ ਪਟਿਆਲਾ ਵਿੱਚ ਸ਼ਿਫਟ ਨਾ ਕਰਨ ਬਾਰੇ ਜੋ ਮੰਗ ਰੱਖੀ ਗਈ ਸੀ, ਉਸਨੂੰ ਵੀ ਸਮੂਹ ਹਾਊਸ ਵੱਲੋਂ ਪ੍ਰਵਾਨ ਕੀਤਾ ਗਿਆ।
ਮੇਅਰ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਵੇਗੀ ਅਤੇ ਨਗਰ ਨਿਗਮ ਪਟਿਆਲਾ ਕਰਮਚਾਰੀ–ਹਿਤ ਅਤੇ ਸ਼ਹਿਰ ਦੀ ਭਲਾਈ ਨੂੰ ਹਮੇਸ਼ਾ ਸਮਰਪਿਤ ਰਹੇਗਾ।
