ਰਾਜਪੁਰਾ, 21 ਨਵੰਬਰ 2025(ਰਾਜੇਸ਼ ਕੁਮਾਰ) : ਪੰਜਾਬ ਸਰਕਾਰ ਦੀ ਵਾਰ ਆਨ ਡਰੱਗਸ ਮੁਹਿੰਮ ਅਧੀਨ ਨਸ਼ਾ ਤਸਕਰੀ ਵਿਰੁੱਧ ਚੱਲ ਰਹੇ ਅਭਿਆਨ ਨੂੰ ਰੇਲਵੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਕੀਤੀ ਛਾਪੇਮਾਰੀ ਦੌਰਾਨ 51 ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਸਪੈਸ਼ਲ ਡੀ. ਜੀ. ਪੀ. ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਅਭਿਆਨ ਨੂੰ ਏ. ਆਈ. ਜੀ. ਰੇਲਵੇ ਅਮਰਪ੍ਰੀਤ ਸਿੰਘ ਘੁੰਮਣ ਅਤੇ ਜ਼ੋਨਲ ਜੀ. ਆਰ. ਪੀ. ਪਟਿਆਲਾ ਦੇ ਉਪ-ਕਪਤਾਨ ਗੁਰਦੀਪ ਸਿੰਘ ਵੱਲੋਂ ਸਖ਼ਤੀ ਨਾਲ ਅੱਗੇ ਧੱਕਿਆ ਜਾ ਰਿਹਾ ਹੈ।
ਚੈਕਿੰਗ ਦੌਰਾਨ ਕਾਬੂ ਆਇਆ 28 ਸਾਲਾ ਯੁਵਕ
20 ਨਵੰਬਰ ਨੂੰ ਰਾਜਪੁਰਾ ਸਟੇਸ਼ਨ ’ਤੇ ਸੀ. ਆਈ. ਏ.-2 ਦੇ ਇੰਚਾਰਜ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਰੇਲ ਯਾਤਰੀਆਂ ਅਤੇ ਸਮਾਨ ਦੀ ਸਖ਼ਤ ਸਕੈਨਿੰਗ ਦੌਰਾਨ ਇੱਕ ਯੁਵਕ ਨੂੰ ਸ਼ਕੀ ਹਾਲਤ ਵਿੱਚ ਰੋਕਿਆ ਗਿਆ। ਪੁੱਛਗਿੱਛ ‘ਤੇ ਉਸ ਦੀ ਪਛਾਣ ਪ੍ਰਮੋਦ ਸਿੰਘ (ਉਮਰ 28 ਸਾਲ), ਵਾਸੀ ਬਿਰਲਾ ਨਗਰ, ਗਵਾਲੀਅਰ (ਮੱਧ ਪ੍ਰਦੇਸ਼) ਵਜੋਂ ਹੋਈ।
ਗ੍ਰਿਫ਼ਤਾਰੀ ਨਾਲ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਬਰਾਮਦ
ਤਲਾਸ਼ੀ ਦੌਰਾਨ ਪੁਲਿਸ ਟੀਮ ਨੇ ਉਸ ਤੋਂ 51,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਤੋਂ ਬਾਅਦ ਉਸ ਵਿਰੁੱਧ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰੇਲਵੇ ਪੁਲਿਸ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਵੀ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਗਤੀ ਨਾਲ ਜਾਰੀ ਰਹੇਗੀ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕਿਸੇ ਤੱਤ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ।
