ਚੰਡੀਗੜ੍ਹ :(ਮਨੋਜ ਵਰਮਾ): ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਨਾਭਾ ਦੇ ਪਿੰਡ ਬੀਰੜਵਾਲ ਦੀ ਸਿਮਰਨਦੀਪ ਕੌਰ ਨੇ ਦੇਸ਼ ਭਰ ਵਿੱਚ 15ਵਾਂ ਰੈਂਕ ਹਾਸਲ ਕਰਕੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ।
ਇਸ ਤੋਂ ਇਲਾਵਾ ਪਟਿਆਲਾ ਦੀ ਰਸ਼ਨੀਤ ਕੌਰ ਨੇ 51ਵਾਂ, ਨਵਾਂਸ਼ਹਿਰ ਦੀ ਰਾਖੀ ਚੌਧਰੀ ਨੇ 65ਵਾਂ, ਫਰੀਦਕੋਟ ਦੇ ਸੁਨਵਰਦੀਪ ਸਿੰਘ ਮਸੂਨ ਨੇ 76ਵਾਂ, ਬਠਿੰਡਾ ਦੀ ਨਵਨੀਤ ਕੌਰ ਨੇ 111ਵਾਂ, ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ, ਮਾਨਸਾ ਦੀ ਮਨਪ੍ਰੀਤ ਕੌਰ ਨੇ 136ਵਾਂ ਅਤੇ ਮੁਹਾਲੀ ਦੇ ਅਮਨ ਅਲੂਨ ਨੇ 295ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।
ਪਿੰਡ ਬੀਰੜਵਾਲ ਦੇ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਸਿਮਰਨਦੀਪ ਕੌਰ, ਜੋ ਕਿ ਕੁਲਦੀਪ ਸਿੰਘ ਅਤੇ ਅਮਨਦੀਪ ਕੌਰ ਦੀ ਧੀ ਹੈ, ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਇਹ ਮੰਜ਼ਿਲ ਹਾਸਲ ਕੀਤੀ ਹੈ। ਉਸ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ UPSC ਦੀ ਤਿਆਰੀ ਲਈ ਇਸੇ ਵਿਸ਼ੇ ਨੂੰ ਚੁਣਿਆ। ਸਿਮਰਨਦੀਪ ਨੇ ਦੱਸਿਆ ਕਿ ਉਸ ਨੇ ਆਨਲਾਈਨ ਕਲਾਸਾਂ ਅਤੇ ਕਰਨਾਟਕ ਦੇ ਇੱਕ ਅਧਿਆਪਕ ਦੀ ਰਹਿਨੁਮਾਈ ਹੇਠ ਤਿਆਰੀ ਕੀਤੀ। ਉਹ ਭਵਿੱਖ ਵਿੱਚ ਪੇਂਡੂ ਖੇਤਰਾਂ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ।
ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾ ਦੀ ਮਨਪ੍ਰੀਤ ਕੌਰ, ਜੋ ਕਿ ਸ੍ਰੀ ਸੁਖਦੇਵ ਸਿੰਘ ਧਲੇਵਾਂ ਦੀ ਧੀ ਹੈ, ਨੇ UPSC ਪ੍ਰੀਖਿਆ ਵਿੱਚ 136ਵਾਂ ਸਥਾਨ ਹਾਸਲ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਲਈ ਚੋਣ ਪ੍ਰਾਪਤ ਕੀਤੀ ਹੈ। ਮਨਪ੍ਰੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਪਿੰਡ ਧਲੇਵਾ ਸਮੇਤ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
