Home ਪਟਿਆਲਾ ਅਪਡੇਟ ਪਟਿਆਲਾ ਨਗਰ ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਨਲਾਈਨ ਸੁਵਿਧਾ...

ਪਟਿਆਲਾ ਨਗਰ ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਨਲਾਈਨ ਸੁਵਿਧਾ ਸ਼ੁਰੂ

0

ਕਮਿਸ਼ਨਰ ਪਰਮਜੀਤ ਸਿੰਘ ਨੇ ਦਿੱਤੀ ਜਾਣਕਾਰੀ


ਪਟਿਆਲਾ, 13 ਨਵੰਬਰ: (ਜਗਜੀਤ ਸਿੰਘ): ਪਟਿਆਲਾ ਨਗਰ ਨਿਗਮ ਵਲੋਂ ਸ਼ਹਿਰ ਦੇ ਨਿਵਾਸੀਆਂ ਲਈ ਇੱਕ ਵੱਡਾ ਡਿਜ਼ਿਟਲ ਕਦਮ ਚੁੱਕਦਿਆਂ ਪਾਣੀ ਅਤੇ ਸੀਵਰੇਜ ਬਿਲਾਂ ਦੀ ਅਦਾਇਗੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਗਿਆ ਹੈ। ਇਹ ਪ੍ਰਣਾਲੀ ਹੁਣ ਪੰਜਾਬ ਸਰਕਾਰ ਦੀ ਪੀ.ਐਮ.ਆਈ.ਡੀ.ਸੀ. (ਪੰਜਾਬ ਮਿਊਂਸੀਪਲ ਇੰਫ੍ਰਾਸਟ੍ਰਕਚਰ ਡਿਵਲਪਮੈਂਟ ਕੰਪਨੀ) ਦੇ ਐਮ.ਸੇਵਾ ਪੋਰਟਲ ’ਤੇ ਮਾਈਗਰੇਟ ਕਰ ਦਿੱਤੀ ਗਈ ਹੈ।

ਕਮਿਸ਼ਨਰ ਪਰਮਜੀਤ ਸਿੰਘ (ਆਈ.ਏ.ਐਸ.) ਨੇ ਦੱਸਿਆ ਕਿ ਹੁਣ ਸ਼ਹਿਰ ਦੇ ਸਾਰੇ ਪਾਣੀ ਅਤੇ ਸੀਵਰੇਜ ਕੁਨੈਕਸ਼ਨਾਂ ਦੀ ਬਿਲਿੰਗ ਇਸ ਨਵੇਂ ਡਿਜ਼ਿਟਲ ਪੋਰਟਲ ਰਾਹੀਂ ਹੀ ਹੋਵੇਗੀ। ਇਸ ਨਾਲ ਬਿਲਿੰਗ ਪ੍ਰਕਿਰਿਆ ਹੋਰ ਪਾਰਦਰਸ਼ੀ, ਆਧੁਨਿਕ ਅਤੇ ਸੁਵਿਧਾਜਨਕ ਬਣੇਗੀ।

ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਨੈਸ਼ਨਲ ਬੈਂਕ ਦੀਆਂ ਸ਼ਾਖਾਵਾਂ ਵਿੱਚ ਬਿਲ ਭਰਨ ਦੀ ਲੋੜ ਨਹੀਂ ਰਹੇਗੀ, ਕਿਉਂਕਿ ਉਕਤ ਬੈਂਕਾਂ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਗਈ ਹੈ। ਨਿਵਾਸੀ ਹੁਣ ਘਰ ਬੈਠੇ ਹੀ https://mseva.lgpunjab.gov.in/citizen ਵੈਬਸਾਈਟ ਰਾਹੀਂ ਆਪਣਾ ਬਿਲ ਭਰ ਸਕਦੇ ਹਨ।

ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਡਿਜ਼ਿਟਲ ਪੰਜਾਬ ਦੇ ਸੁਪਨੇ ਵੱਲ ਇਕ ਵੱਡਾ ਯਤਨ ਹੈ। ਇਸ ਨਾਲ ਸਮਾਂ ਬਚੇਗਾ ਅਤੇ ਨਿਗਮ ਦੀਆਂ ਸੇਵਾਵਾਂ ਹੋਰ ਤੇਜ਼ ਤੇ ਪ੍ਰਭਾਵਸ਼ਾਲੀ ਬਣਣਗੀਆਂ।

ਜਿਨ੍ਹਾਂ ਨਿਵਾਸੀਆਂ ਕੋਲ ਇੰਟਰਨੈਟ ਸੁਵਿਧਾ ਉਪਲਬਧ ਨਹੀਂ ਹੈ, ਉਹ ਨਗਰ ਨਿਗਮ ਦਫ਼ਤਰ ਦੇ ਕੈਸ਼ ਕਾਉਂਟਰਾਂ (ਕਮਰਾ ਨੰਬਰ 301, ਤੀਸਰੀ ਮੰਜ਼ਿਲ) ਜਾਂ ਗਰਾਊਂਡ ਫਲੋਰ ’ਤੇ ਆ ਕੇ ਵੀ ਆਪਣੇ ਬਿਲ ਭਰ ਸਕਦੇ ਹਨ।

ਕਮਿਸ਼ਨਰ ਪਰਮਜੀਤ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਆਨਲਾਈਨ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਤੇ ਕਿਸੇ ਵੀ ਸ਼ੰਕਾ ਦੀ ਸੂਰਤ ’ਚ ਨਿਗਮ ਦੇ ਹੈਲਪ ਡੈਸਕ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪਟਿਆਲਾ ਨਗਰ ਨਿਗਮ ਸ਼ਹਿਰ ਨੂੰ ਪੂਰੀ ਤਰ੍ਹਾਂ ਡਿਜ਼ਿਟਲ ਸੇਵਾਵਾਂ ਨਾਲ ਜੋੜਨ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸੇਵਾਵਾਂ ਨੂੰ ਵੀ ਆਨਲਾਈਨ ਕੀਤਾ ਜਾਵੇਗਾ।

Exit mobile version