ਹਸਪਤਾਲ ਦੇ ਡਾਇਰੈਕਟਰ ਨੇ ਦੋਸ਼ਾਂ ਨੂੰ ਨਕਾਰਿਆ; ਕਿਹਾ– ਆਪਰੇਸ਼ਨ ਤੋਂ ਬਾਅਦ ਹਾਰਟ ਅਟੈਕ ਆਉਣ ਕਾਰਨ ਹੋਈ ਮੌਤ, ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ
ਪਟਿਆਲਾ: (ਵਿਸ਼ਾਲ ਗੁਪਤਾ): ਪਟਿਆਲਾ ਦੇ ਫੈਕਟਰੀ ਏਰੀਆ ਸਥਿਤ ਮਿਹਰ ਹਸਪਤਾਲ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੱਥਰੀ ਦੇ ਆਪਰੇਸ਼ਨ ਲਈ ਆਈ ਇੱਕ 30 ਤੋਂ 35 ਸਾਲਾ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਔਰਤ ਪਟਿਆਲਾ ਦੇ ਨਜ਼ਦੀਕੀ ਪਿੰਡ ਝਿੱਲ ਦੀ ਰਹਿਣ ਵਾਲੀ ਸੀ। ਔਰਤ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ‘ਤੇ ਇਲਾਜ ਵਿੱਚ ਘੋਰ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਂਦਿਆਂ ਹੰਗਾਮਾ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਆਪਰੇਸ਼ਨ ਤੋਂ ਬਾਅਦ ਪਹਿਲਾਂ ਠੀਕ ਦੱਸਿਆ, ਫਿਰ ਪੁਲਿਸ ਰਾਹੀਂ ਮਿਲੀ ਮੌਤ ਦੀ ਖ਼ਬਰ: ਪਰਿਵਾਰ
ਪੀੜਤ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਰੀਜ਼ ਦਾ ਇਲਾਜ ਪਿਛਲੇ ਕਾਫ਼ੀ ਸਮੇਂ ਤੋਂ ਮਿਹਰ ਹਸਪਤਾਲ ਵਿੱਚ ਹੀ ਚੱਲ ਰਿਹਾ ਸੀ। ਅੱਜ ਉਸ ਨੂੰ ਪੱਥਰੀ ਦਾ ਆਪਰੇਸ਼ਨ ਕਰਵਾਉਣ ਲਈ ਹਸਪਤਾਲ ਲਿਆਂਦਾ ਗਿਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਆਪਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ। ਪਰ ਕੁਝ ਹੀ ਸਮੇਂ ਬਾਅਦ ਅਚਾਨਕ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਦੱਸਣੀ ਸ਼ੁਰੂ ਕਰ ਦਿੱਤੀ।
ਪਰਿਵਾਰ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਰੀਜ਼ ਦੀ ਸਹੀ ਸਥਿਤੀ ਬਾਰੇ ਅੰਦਰੂਨੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਿੱਧਾ ਪੁਲਿਸ ਰਾਹੀਂ ਮੌਤ ਦੀ ਸੂਚਨਾ ਮਿਲੀ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਮੌਤ ਦਾ ਕਾਰਨ ਹਾਰਟ ਅਟੈਕ, ਪੋਸਟਮਾਰਟਮ ਤੋਂ ਬਾਅਦ ਸੱਚ ਆਵੇਗਾ ਸਾਹਮਣੇ: ਹਸਪਤਾਲ ਪ੍ਰਬੰਧਕ
ਦੂਜੇ ਪਾਸੇ, ਹਸਪਤਾਲ ਸਿਰ ਲੱਗੇ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਮਿਹਰ ਹਸਪਤਾਲ ਦੇ ਡਾਇਰੈਕਟਰ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਆਪਰੇਸ਼ਨ ਸਫ਼ਲਤਾਪੂਰਵਕ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਮਰੀਜ਼ ਨੂੰ ਅਚਾਨਕ ਦਿਲ ਦਾ ਦੌਰਾ (ਹਾਰਟ ਅਟੈਕ) ਪੈ ਗਿਆ। ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਡਾਇਰੈਕਟਰ ਨੇ ਦਾਅਵਾ ਕੀਤਾ ਕਿ ਇਸ ਸਥਿਤੀ ਸਬੰਧੀ ਪਰਿਵਾਰ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ। ਹਸਪਤਾਲ ਪ੍ਰਬੰਧਨ ਅਨੁਸਾਰ ਮੌਤ ਦੇ ਅਸਲ ਅਤੇ ਸਪੱਸ਼ਟ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ, ਜਿਸ ਲਈ ਪੁਲਿਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
