ਪਟਿਆਲਾ (ਛਤਰਪਾਲ ਸਿੰਘ): ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਵਿਕਾਸ ਲਈ ਵੱਡੇ ਪ੍ਰੋਜੈਕਟ ਦੇ ਰਹੀ ਹੈ ਅਤੇ ਪਟਿਆਲਾ ਲਈ ਵੰਦੇ ਭਾਰਤ ਐਕਸਪ੍ਰੈੱਸ ਦਾ ਠਹਿਰਾਅ ਇਸੀ ਦ੍ਰਿਸ਼ਟੀਕੋਣ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਮੰਗ ਤੇ ਹੀ ਇਹ ਸੌਗਾਤ ਪਟਿਆਲਾ ਨੂੰ ਮਿਲੀ ਹੈ, ਜੋ ਸਥਾਨਕ ਵਾਸੀਆਂ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ। ਇਸ ਮੌਕੇ ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਤਹਿ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਦਮ ਸ਼ਹਿਰ ਦੀ ਆਰਥਿਕ, ਸਿੱਖਿਆਕ ਅਤੇ ਵਪਾਰਕ ਗਤੀਵਿਧੀਆਂ ਨੂੰ ਨਵੀਂ ਉਡਾਣ ਦੇਵੇਗਾ।
ਜੈਇੰਦਰ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਲਈ ਸਮਰਪਿਤ ਹੈ ਅਤੇ ਵੰਦੇ ਭਾਰਤ ਵਰਗੀਆਂ ਪਹਿਲਕਦਮੀਆਂ ਇਸੀ ਸੋਚ ਦੀ ਮਿਸਾਲ ਹਨ।
ਉਨ੍ਹਾਂ ਦੱਸਿਆ ਕਿ ਹੁਣ ਫਿਰੋਜ਼ਪੁਰ ਕੈਂਟ ਤੋਂ ਨਵੀਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਪਟਿਆਲਾ ਵਿਖੇ ਵੀ ਠਹਿਰੇਗੀ। ਇਹ ਟ੍ਰੇਨ ਫਰੀਦਕੋਟ, ਪਟਿਆਲਾ ਅਤੇ ਅੰਬਾਲਾ ਰਾਹੀਂ ਦਿੱਲੀ ਤੱਕ ਪਹੁੰਚੇਗੀ, ਜਿਸ ਨਾਲ ਸਫ਼ਰ ਹੋਰ ਸੁਰੱਖਿਅਤ, ਤੇਜ਼ ਅਤੇ ਆਰਾਮਦਾਇਕ ਬਣੇਗਾ।
ਉਨ੍ਹਾਂ ਜੋੜਿਆ ਕਿ “ਪਟਿਆਲਾ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋ ਗਈ ਹੈ ਅਤੇ ਇਹ ਠਹਿਰਾਅ ਸ਼ਹਿਰ ਦੀ ਮਹੱਤਤਾ ਨੂੰ ਨਵੇਂ ਪੱਧਰ ‘ਤੇ ਲੈ ਜਾਵੇਗਾ।”
