ਚੰਡੀਗੜ੍ਹ: 2 ਨਵੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵੱਲੋਂ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਰਾਜ ਦੇ ਹਰ ਪਿੰਡ ਵਿੱਚ ਆਧੁਨਿਕ ਸਟੇਡੀਅਮ ਬਣਾਉਣ ਦੀ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ 3,083 ਸਟੇਡੀਅਮਾਂ ਦਾ ਨਿਰਮਾਣ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਖੇਡਾਂ ਦਾ ਵਿਕਾਸ ਪ੍ਰੋਗਰਾਮ ਨਹੀਂ, ਸਗੋਂ ਨਸ਼ਾ ਮੁਕਤ ਪੰਜਾਬ ਵੱਲ ਇਕ ਮਜ਼ਬੂਤ ਕਦਮ ਹੈ। ਨਵੀਂ ਖੇਡ ਨੀਤੀ ਦੇ ਜ਼ਰੀਏ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਕਾਬਲਿਯਤ ਦਰਸਾਉਣ ਲਈ ਪੂਰੀ ਸਹਾਇਤਾ ਦਿੱਤੀ ਜਾਵੇਗੀ।
ਖੇਡ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਹਰ ਸਟੇਡੀਅਮ ਵਿੱਚ ਆਧੁਨਿਕ ਸਾਮਾਨ, ਐਥਲੈਟਿਕ ਟ੍ਰੈਕ, ਕੋਚਿੰਗ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚਾ ਉਪਲਬਧ ਹੋਵੇਗਾ। ਇਸ ਨਾਲ ਪਿੰਡ ਪੱਧਰ ‘ਤੇ ਖੇਡਾਂ ਨੂੰ ਨਵਾਂ ਜੋਸ਼ ਮਿਲੇਗਾ ਅਤੇ ਬੱਚਿਆਂ ਨੂੰ ਆਪਣੇ ਨੇੜੇ ਹੀ ਪ੍ਰਸ਼ਿਕਸ਼ਣ ਤੇ ਮੁਕਾਬਲੇ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।
