Home ਪਟਿਆਲਾ ਅਪਡੇਟ ਡੇਂਗੂ ਉੱਤੇ ਕਾਬੂ ਪਾਉਣ ਲਈ ਪਟਿਆਲਾ ਨਗਰ ਨਿਗਮ ਵੱਲੋਂ ਵੱਡੇ ਪੱਧਰ ‘ਤੇ...

ਡੇਂਗੂ ਉੱਤੇ ਕਾਬੂ ਪਾਉਣ ਲਈ ਪਟਿਆਲਾ ਨਗਰ ਨਿਗਮ ਵੱਲੋਂ ਵੱਡੇ ਪੱਧਰ ‘ਤੇ ਫੌਗਿੰਗ ਮੁਹਿੰਮ ਸ਼ੁਰੂ

0

ਪਟਿਆਲਾ, 23 ਅਕਤੂਬਰ: ਪਟਿਆਲਾ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ ਨੂੰ ਕਾਬੂ ਕਰਨ ਲਈ ਨਗਰ ਨਿਗਮ ਵੱਲੋਂ ਵਿਸ਼ਾਲ ਪੱਧਰ ‘ਤੇ ਫੌਗਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ (ਆਈ.ਏ.ਐਸ.) ਦੀ ਨਿਗਰਾਨੀ ਹੇਠ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਫੌਗਿੰਗ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਸ਼ਹਿਰ ਦੇ ਸਾਰੇ ਵਾਰਡਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਦਿਨ ਵਿੱਚ ਦੋ ਵਾਰ — ਸਵੇਰੇ 6:30 ਤੋਂ 8:30 ਵਜੇ ਅਤੇ ਸ਼ਾਮ 5:30 ਤੋਂ 7:30 ਵਜੇ ਤੱਕ — ਫੌਗਿੰਗ ਕੀਤੀ ਜਾ ਰਹੀ ਹੈ। ਪਹਿਲਾਂ ਇਹ ਕਾਰਵਾਈ ਸਿਰਫ਼ ਸ਼ਾਮ ਦੇ ਸਮੇਂ ਹੀ ਹੁੰਦੀ ਸੀ।

ਨਗਰ ਨਿਗਮ ਦੀ ਹੈਲਥ ਟੀਮ ਸਿਵਲ ਸਰਜਨ ਦਫ਼ਤਰ ਪਟਿਆਲਾ ਨਾਲ ਮਿਲ ਕੇ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੰਜ਼ਾਮ ਦੇ ਰਹੀ ਹੈ। ਇਸ ਦੇ ਨਾਲ ਹੀ ਮੱਛਰਾਂ ਦੀਆਂ ਬਰੀਡਿੰਗ ਸਾਈਟਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੰਦਗੀ ਫੈਲਾਉਣ ਵਾਲਿਆਂ ਉੱਤੇ ਚਲਾਨਿੰਗ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ।

ਜਨਤਕ ਜਾਗਰੂਕਤਾ ਵਧਾਉਣ ਲਈ ਹਰ ਸ਼ੁੱਕਰਵਾਰ ਨੂੰ “ਡ੍ਰਾਈ ਡੇ” ਮਨਾਇਆ ਜਾ ਰਿਹਾ ਹੈ, ਜਿਸ ਰਾਹੀਂ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਹਟਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਐਨਜੀਓਜ਼ ਵੱਲੋਂ ਨਗਰ ਨਿਗਮ ਦੀ ਦੇਖ-ਰੇਖ ਹੇਠ ਨੁੱਕੜ ਨਾਟਕਾਂ ਰਾਹੀਂ ਡੇਂਗੂ ਰੋਕਥਾਮ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਆਖ਼ਰ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰਵਾਸੀਆਂ ਦੀ ਸਿਹਤ ਸੁਰੱਖਿਆ ਨਗਰ ਨਿਗਮ ਦੀ ਸਿਖਰ ਤਰਜੀਹ ਹੈ ਅਤੇ ਡੇਂਗੂ ਉੱਤੇ ਕਾਬੂ ਪਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

Exit mobile version