Home ਪਟਿਆਲਾ ਅਪਡੇਟ ਗਿਣਤੀਕਾਰ ਤੇ ਸੁਪਰਵਾਈਜ਼ਰ ਅੰਕੜਿਆਂ ਦੀ ਸਟੀਕਤਾ, ਸੰਪੂਰਨਤਾ ਅਤੇ ਉੱਚ ਗੁਣਵੱਤਾ ਨੂੰ ਕਾਇਮ...

ਗਿਣਤੀਕਾਰ ਤੇ ਸੁਪਰਵਾਈਜ਼ਰ ਅੰਕੜਿਆਂ ਦੀ ਸਟੀਕਤਾ, ਸੰਪੂਰਨਤਾ ਅਤੇ ਉੱਚ ਗੁਣਵੱਤਾ ਨੂੰ ਕਾਇਮ ਰੱਖਣ ਸਮੇਤ ਨਿਰਧਾਰਿਤ ਸਮੇਂ ਵਿੱਚ ਕੰਮ ਮੁਕੰਮਲ ਕਰਨ – ਡਾ. ਹਿਮਾਂਸ਼ੂ ਅਗਰਵਾਲ

0
-ਡੀਸੀ ਵੱਲੋਂ ਡਰੱਗ ਅਤੇ ਸਮਾਜਿਕ-ਆਰਥਿਕ ਸਰਵੇਖਣ ਦਾ ਵੀ ਨਿਰੀਖਣ
ਪਟਿਆਲਾ, 5 ਜੂਨ (ਹਰਸ਼ਪ੍ਰੀਤ ਕੌਰ):ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜਨਗਣਨਾ-2027 ਦੇ ਪਹਿਲੇ ਪੜਾਅ ਹੇਠ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਅੰਕੜਿਆਂ ਦੀ ਸਟੀਕਤਾ, ਸੰਪੂਰਨਤਾ ਅਤੇ ਉੱਚ ਗੁਣਵੱਤਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਨਿਰਧਾਰਿਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੇ ਗਏ ਡਰੱਗ ਅਤੇ ਸਮਾਜਿਕ-ਆਰਥਿਕ ਸਰਵੇਖਣ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਹਲਕਾ-ਵਾਰ ਨਿਰੀਖਣ ਕਰਦਿਆਂ ਕਿਹਾ ਕਿ ਇਸ ਤਹਿਤ ਜ਼ਿਲ੍ਹੇ ਦੇ 1787 ਬੂਥਾਂ ’ਤੇ ਸਰਵੇਖਣ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਡਾ. ਹਿਮਾਂਸ਼ੂ ਅਗਰਵਾਲ ਨੇ ਬੈਠਕ ਦੌਰਾਨ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਕਾਰਜ ਵਜੋਂ ਚੱਲ ਰਿਹਾ ਹੈ, ਜਿਸ ਤਹਿਤ ਗਿਣਤੀਕਾਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰ ਰਹੇ ਹਨ ਅਤੇ ਨਾਗਰਿਕਾਂ ਤੋਂ 33 ਸਵਾਲਾਂ ਸਬੰਧੀ ਜਾਣਕਾਰੀ ਇਕੱਤਰ ਕਰ ਰਹੇ ਹਨ। ਉਨ੍ਹਾਂ ਨੇ ਦੇਵੀਗੜ੍ਹ ਅਤੇ ਰਾਜਪੁਰਾ ਵਿੱਚ ਕੀਤੇ ਗਏ ਚੰਗੇ ਕੰਮ ਲਈ ਸਬੰਧਤ ਚਾਰਜ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਬਾਕੀ ਅਧਿਕਾਰੀਆਂ ਨੂੰ ਵੀ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਗਿਣਤੀਕਾਰਾਂ ਅਤੇ ਚਾਰਜ ਅਫ਼ਸਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਦੌਰਾਨ ਇਕੱਤਰ ਕੀਤੇ ਜਾ ਰਹੇ ਡੇਟਾ ਦੀ ਸਟੀਕਤਾ, ਸੰਪੂਰਨਤਾ ਅਤੇ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਤੇ ਚਾਰਜ ਪੱਧਰ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾ ਰਹੀ ਹੈ।

ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਨਗਣਨਾ ਦੇ ਅੰਕੜੇ ਇਕੱਠੇ ਕਰਨ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲਗਭਗ 3000 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦਾ ਸਟਾਫ਼ ਜ਼ਮੀਨੀ ਪੱਧਰ ’ਤੇ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਪੂਰਨ ਸਹਿਯੋਗ ਕਰਨ।

ਬੈਠਕ ਦੌਰਾਨ ਜ਼ਿਲ੍ਹੇ ਦੇ ਸੈਂਸਸ ਨੋਡਲ ਅਫ਼ਸਰ ਅਤੇ ਏ.ਡੀ.ਸੀ. (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਰੀਤ ਰਾਣਾ, ਸਮੂਹ ਐਸ.ਡੀ.ਐਮਜ਼, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਂਸਸ ਅਫ਼ਸਰ ਜਸਵਿੰਦਰ ਕੌਰ, ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Exit mobile version