ਚੰਡੀਗੜ੍ਹ : 10 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੀਵ ਅਰੋੜਾ ਦੀ ਮੌਜੂਦਗੀ ਵਿਚ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿੰਦਰ ਗੁਪਤਾ ਦੇ ਕਾਰੋਬਾਰੀ ਅਤੇ ਸਮਾਜਕ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਰਜਿੰਦਰ ਗੁਪਤਾ ਰਾਜ ਸਭਾ ਵਿਚ ਪੰਜਾਬ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ। ਪੰਜਾਬ ਵਿਧਾਨ ਸਭਾ ਵਿਚ ਬਹੁਮਤ ਨੂੰ ਦੇਖਦੇ ਹੋਏ, ਰਜਿੰਦਰ ਗੁਪਤਾ ਦੀ ਜਿੱਤ ਯਕੀਨੀ ਹੈ। ਉਹ ਅਸ਼ੋਕ ਮਿੱਤਲ, ਸੰਜੀਵ ਅਰੋੜਾ ਅਤੇ ਵਿਕਰਮਜੀਤ ਸਾਹਨੀ ਤੋਂ ਬਾਅਦ ਰਾਜ ਸਭਾ ਲਈ ਚੁਣੇ ਜਾਣ ਵਾਲੇ ਪੰਜਾਬ ਵਿਚ ‘ਆਪ’ ਦੇ ਚੌਥੇ ਕਾਰੋਬਾਰੀ ਹੋਣਗੇ।
13 ਅਕਤੂਬਰ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ। 14 ਅਕਤੂਬਰ ਨੂੰ ਜਾਂਚ ਹੋਵੇਗੀ ਅਤੇ 16 ਅਕਤੂਬਰ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 24 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਗਿਣਤੀ ਉਸੇ ਸ਼ਾਮ ਨੂੰ ਹੋਵੇਗੀ।









