Home ਪਟਿਆਲਾ ਅਪਡੇਟ ਪਠਾਨਮਾਜਰਾ ਹੋਏ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ

ਪਠਾਨਮਾਜਰਾ ਹੋਏ ਪੁਲਿਸ ਦੀ ਹਿਰਾਸਤ ‘ਚੋਂ ਫ਼ਰਾਰ

0

ਪਟਿਆਲਾ, 2 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੁਣ ਫਰਾਰ ਹੋਣ ਦੀ ਖ਼ਬਰ ਹੈ।

ਪੰਜਾਬ ਦੇ ਹੜ੍ਹਾਂ ਬਾਰੇ ਹਾਲ ਹੀ ਵਿੱਚ ਆਪਣੀ ਹੀ ਪਾਰਟੀ ਵਿਰੁੱਧ ਤਿੱਖੇ ਬਿਆਨ ਦੇਣ ਤੋਂ ਬਾਅਦ ਹਰਮੀਤ ਸਿੰਘ ਢਿੱਲੋਂ ਪਠਾਨਮਾਜਰਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।

ਦਰਅਸਲ, ਸਰਕਾਰ ਵੱਲੋਂ ਦਿੱਤੀ ਗਈ ਸੁਰੱਖਿਆ ਵਾਪਸ ਲਏ ਜਾਣ ਤੋਂ ਇੱਕ ਦਿਨ ਬਾਅਦ ਮੰਗਲਵਾਰ ਸਵੇਰੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ।

ਇਹ ਗ੍ਰਿਫ਼ਤਾਰੀ ਦੇ ਹੁਕਮ ਉਨ੍ਹਾਂ ਵਿਰੁੱਧ ਚੱਲ ਰਹੇ ਇੱਕ ਪੁਰਾਣੇ ਸਰੀਰਕ ਸ਼ੋਸ਼ਣ ਦੇ ਮਾਮਲੇ ਨਾਲ ਸਬੰਧਤ ਸਨ।

ਪਰ ਇਸ ਸਾਰੀ ਘਟਨਾ ਨੂੰ ਇੱਕ ਨਾਟਕੀ ਮੋੜ ਦਿੰਦੇ ਹੋਏ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਮਿੰਟਾਂ ਬਾਅਦ ਹੀ ਪਠਾਨਮਾਜਰਾ ਪੁਲਿਸ ਹਿਰਾਸਤ ‘ਚੋ ਫ਼ਰਾਰ ਹੋ ਗਏ।

ਇਸ ਗੱਲ ਦੀ ਪੁਸ਼ਟੀ ਪਟਿਆਲਾ ਦੀ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਹੈ।

ਆਪਣੀ ਗ੍ਰਿਫ਼ਤਾਰੀ ਤੋਂ ਠੀਕ ਪਹਿਲਾਂ ਵੀ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ ‘ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਸੀ। ਇਸ ਵੀਡੀਓ ਬਿਆਨ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਪਟਿਆਲਾ ਦੇ ਡੀਸੀ ਅਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਗੱਲ ਆਖੀ ਸੀ।

ਪਠਾਨਮਾਜਰਾ ਖ਼ਿਲਾਫ 1 ਸਤੰਬਰ 2025 ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਕੁਝ ਸਾਲ ਪੁਰਾਣਾ ਹੈ, ਇੱਕ ਮਹਿਲਾ ਜੋ ਸਾਲ 2013-14 ਚ ਪਠਾਨਮਾਜਰਾ ਦੇ ਸਪੰਰਕ ਵਿੱਚ ਆਈ ਉਸ ਨੇ ਪਠਾਨਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਪਠਾਨਮਾਜਰਾ ਦੀ ਕਥਿਤ ਸਾਬਕਾ ਪਤਨੀ ਵੱਲੋਂ ਸੋਮਵਾਰ ਰਾਤ ਨੂੰ 10 ਵਜੇ ਦੇ ਕਰੀਬ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐੱਫਆਈਆਰ ਦੇ ਅਨੁਸਾਰ, ਕਥਿਤ ਅਪਰਾਧ 12 ਫਰਵਰੀ, 2014 ਤੋਂ 12 ਜੂਨ, 2024 ਤੱਕ ਕੀਤਾ ਗਿਆ ਸੀ। ਵਿਧਾਇਕ ‘ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਹੇਠ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376, 420 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Exit mobile version