Home ਪੰਜਾਬ ਪੰਜਾਬ ਵਿਚ ਹੜ੍ਹਾਂ ਦਾ ਕਹਿਰ, ਕੇਂਦਰ ਸਰਕਾਰ ਜ਼ਰੂਰੀ ਮਦਦ ਨਹੀਂ ਕਰ ਰਹੀ—ਜੱਥੇਦਾਰ...

ਪੰਜਾਬ ਵਿਚ ਹੜ੍ਹਾਂ ਦਾ ਕਹਿਰ, ਕੇਂਦਰ ਸਰਕਾਰ ਜ਼ਰੂਰੀ ਮਦਦ ਨਹੀਂ ਕਰ ਰਹੀ—ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ

0

ਨਵਾਂਸ਼ਹਿਰ 2 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ): ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੜ ਪ੍ਰਭਾਵਿਤ ਇਲਕਿਆਂ ਦੇ ਦੌਰੇ ਤੋਂ ਪ੍ਰਾਪਤ ਹੋਈ ਜ਼ਮੀਨੀ ਹਕੀਕਤ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਪ੍ਰਤੀਕ੍ਰਿਰਿਆ ਦਿੰਦੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਲ ਦੀ ਕੋਈ ਵਿਵਸਥਾ ਨਹੀਂ ਹੈ, ਪੰਜਾਬ ਨੂੰ ਜਿੱਥੇ ਇੱਕ ਪਾਸੇ ਹੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਨੂੰ ਦਿੱਲੀ ਦੇ ਧਾੜਵੀਆਂ ਦੀ ਅੰਨੀ ਲੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਵਸਨੀਕਾਂ ਦੀ ਨਰਾਜ਼ਗੀ ਅਤੇ ਗੁੱਸੇ ਦੇ ਚਲਦੇ ਆਪ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਾਲੇ ਦਿੱਲੀ ਦੀ ਚਾਕਰੀ ਬਨਾਮ ਪੰਜਾਬ ਦਾ ਦਰਦ ਤਹਿਤ ਹੋਣ ਵਾਲੀ ਵਿਚਾਰਧਾਰਕ ਵੰਡ ਵੱਡੀ ਸਿਆਸੀ ਬਗਾਵਤ ਵਜੋ ਵੇਖਣ ਨੂੰ ਮਿਲੇਗੀ। ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ,ਪੰਜਾਬ ਵਿੱਚ ਆਏ ਹੜ੍ਹ ਤੋਂ ਹੋਈ ਵੱਡੀ ਤਬਾਹੀ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਜ਼ਰੂਰੀ ਮਦਦ ਨਾ ਮਿਲਣਾ ਦੁੱਖਦਾਈ ਅਤੇ ਚਿੰਤਾਜਨਕ ਹੈ। ਪੰਜਾਬ ਦੇ ਹਜ਼ਾਰਾਂ ਪਰਿਵਾਰ ਮੁਸੀਬਤ ਵਿੱਚ ਹਨ,ਖੇਤੀਬਾੜੀ ਤਬਾਹ ਹੋ ਗਈ, ਘਰਾਂ ਅਤੇ ਦੁਕਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ, ਪਰ ਕੇਂਦਰ ਸਰਕਾਰ ਦੀ ਬੇਰੁਖ਼ੀ ਨੇ ਪੰਜਾਬੀਆਂ ਦੇ ਮਨ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ। ਓਹਨਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ, ਕਿਸਾਨੀ ਅੰਦੋਲਨ ਪ੍ਰਤੀ ਆਪਣੇ ਬਦਲੇ ਦੀ ਭਾਵਨਾ ਨੂੰ ਪਾਸੇ ਰੱਖਦੇ ਹੋਏ, ਤੁਰੰਤ ਪ੍ਰਭਾਵ ਨਾਲ ਢੁੱਕਵਾਂ ਮੁਆਵਜਾ ਜਾਰੀ ਕਰੇ।

ਗਿਆਨੀ ਹਰਪ੍ਰੀਤ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਕੇਂਦਰ ਤੋਂ ਆਰਥਿਕ ਪੈਕਜ ਦੀ ਮੰਗ ਕੀਤੀ, ਉਹਨਾਂ ਕੇਂਦਰ ਤੋ ਮੰਗ ਕੀਤੀ

  1. ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਵਿੱਤੀ ਪੈਕੇਜ ਜਾਰੀ ਕੀਤਾ ਜਾਵੇ
  2. ਤਬਾਹ ਹੋਈਆਂ ਫਸਲਾਂ, ਖੇਤੀ ਯੰਤਰਾਂ ਅਤੇ ਪਸ਼ੂਆਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ
  3. ਢਾਂਚਾਗਤ ਨੁਕਸਾਨ (ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ) ਦੀ ਮੁਰੰਮਤ ਲਈ ਖਾਸ ਕੇਂਦਰੀ ਫੰਡ ਦਿੱਤਾ ਜਾਵੇ
  4. ਕਿਸਾਨਾਂ ਅਤੇ ਛੋਟੇ ਵਪਾਰੀਆਂ ਦੇ ਕਰਜ਼ੇ ਲਈ ਖਾਸ ਰਾਹਤ ਦਾ ਐਲਾਨ ਜਾਵੇ
  5. ਹੜ੍ਹਾਂ ਤੋਂ ਬਚਾਅ ਲਈ ਪੰਜਾਬ ਨੂੰ ਖਾਸ Flood Management Package ਦੇ ਕੇ ਦਰਿਆਵਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ
  6. ਕੇਂਦਰੀ ਸਿਹਤ ਟੀਮਾਂ ਭੇਜ ਕੇ ਹੜ੍ਹ ਬਾਅਦ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਕੀਤੇ ਜਾਣ
  7. ਹੜ੍ਹ ਦੇ ਪਾਣੀ ਨਾਲ ਖੇਤਾਂ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਕੱਢਣ ਲਈ ਕਿਸਾਨਾਂ ਨੂੰ ਸੌ ਫ਼ੀਸਦ ਸਬਸਿਡੀ ਤੇ ਡੀਜਲ ਦਿੱਤਾ ਜਾਵੇ

ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ, ਅਸੀਂ ਕੇਂਦਰ ਨੂੰ ਯਾਦ ਦਵਾਉਣਾ ਚਾਹੁੰਦੇ ਹਾਂ ਕਿ ਪੰਜਾਬ ਨੇ ਹਮੇਸ਼ਾ ਦੇਸ਼ ਲਈ  ਕੁਰਬਾਨੀਆਂ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਹੈ,ਚਾਹੇ ਖੇਤੀਬਾੜੀ ਦੇ ਖੇਤਰ ਵਿੱਚ ਹੋਵੇ ਜਾਂ ਸਰਹੱਦਾਂ ਦੀ ਰੱਖਿਆ ਦਾ ਮਾਮਲਾ ਹੋਵੇ, ਉਸ ਵਿੱਚ ਪੰਜਾਬੀਆਂ ਦੇ ਪਾਏ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਪਰ ਅੱਜ ਜਦੋਂ ਪੰਜਾਬ ਮੁਸੀਬਤ ਵਿੱਚ ਹੈ, ਤਾਂ ਕੇਂਦਰ ਦੀ ਇਹ ਚੁੱਪੀ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀ ਹੈ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ,ਕੇਂਦਰ ਸਰਕਾਰ ਤੁਰੰਤ ਪੰਜਾਬ ਲਈ ਖਾਸ ਰਾਹਤ ਪੈਕੇਜ ਦਾ ਐਲਾਨ ਕਰੇ, ਨਹੀਂ ਤਾਂ ਪੰਜਾਬ ਦੇ ਲੋਕ ਇਸ ਚੁੱਪੀ ਦੇ ਖਿਲਾਫ਼ ਆਪਣੀ ਆਵਾਜ਼ ਹੋਰ ਤੇਜ਼ੀ ਨਾਲ ਬੁਲੰਦ ਕਰਨਗੇ। ਅਸੀਂ ਸਪਸ਼ਟ ਮੰਗ ਕਰਦੇ ਹਾਂ ਕਿ ਤੁਰੰਤ ਖਾਸ ਰਾਹਤ ਪੈਕੇਜ ਜਾਰੀ ਕੀਤਾ ਜਾਵੇ,ਇਹ ਪੰਜਾਬ ਦਾ ਹੱਕ ਹੈ, ਮੇਹਰਬਾਨੀ ਨਹੀਂ।

Exit mobile version