ਮੋਹਾਲੀ, 26 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਲੱਸਟਰ ਰਿਸੋਰਸ ਸੈਂਟਰ, (ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਮੋਹਾਲੀ ਵਿਖੇ ਮੈਡੀਕਲ ਅਫਸਰਾਂ ਦੀ ਸਮਰੱਥਾ ਨਿਰਮਾਣ ਸਿਖਲਾਈ (ਨਸ਼ਾ ਪੀੜਤਾਂ ਦੇ ਇਲਾਜ ਲਈ ਅਗਲੇ ਪੱਧਰ ਦੀ ਸਿਖਲਾਈ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, “ਇਹ ਸਿਖਲਾਈ ਪ੍ਰੋਗਰਾਮ ਅਨੰਨਿਆ ਬਿਰਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਏਮਜ਼, ਮੋਹਾਲੀ ਵਿਖੇ ਸਥਾਪਿਤ ਡੇਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਰਾਹੀਂ ਪੰਜਾਬ ਦੀਆਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। ਨੈਸ਼ਨਲ ਡਰੱਗ ਡਿਪੈਂਡਡੈਂਸ ਟ੍ਰੀਟਮੈਂਟ ਸੈਂਟਰ (ਆਲ ਇੰਡੀਆ ਇੰਸਟਚਿਊਟ ਆਫ਼ ਮੈਡੀਕਲ ਸਾਇੰਸਜ਼), ਪੀ ਜੀ ਆਈ ਚੰਡੀਗੜ੍ਹ, ਆਈ ਆਈ ਟੀ ਰੋਪੜ, ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਮੁੰਬਈ ਜਿਹੀਆਂ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਦੁਆਰਾ ਸਮਰਥਤ, ਇਹ ਯੂਨਿਟ ਰਾਜ ਭਰ ਵਿੱਚ ਨਿਰਵਿਘਨ ਤਕਨੀਕੀ ਸਹਾਇਤਾ ਅਤੇ ਜ਼ਮੀਨੀ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਹੱਬ-ਐਂਡ-ਸਪੋਕ ਮਾਡਲ ਦੀ ਤਰ੍ਹਾਂ ਕੰਮ ਕਰਦਾ ਹੈ।
ਡਾ. ਬਲਬੀਰ ਨੇ ਕਿਹਾ, “ਨਸ਼ਿਆਂ ਵਿਰੁੱਧ ਲੜਾਈ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਵਿਗਿਆਨਕ ਸਿਖਲਾਈ, ਅਸਲ-ਸਮੇਂ (ਰੀਅਲ ਟਾਈਮ) ਦੀ ਨਿਗਰਾਨੀ ਅਤੇ ਨਸ਼ਾ ਛੁਡਾਊ ਬੁਨਿਆਦੀ ਢਾਂਚੇ ਦੇ ਵਿਸਥਾਰ ਰਾਹੀਂ, ਅਸੀਂ ਇਲਾਜ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਮਰੀਜ਼-ਕੇਂਦ੍ਰਿਤ ਬਣਾਉਣ ਲਈ ਦ੍ਰਿੜ ਹਾਂ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ, ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਏਮਜ਼ ਤੋਂ ਸਿਖਲਾਈ ਪ੍ਰਾਪਤ ਮਨੋਰੋਗ ਮਾਹਿਰ ਸਿਧਾਂਤਕ ਗਿਆਨ, ਵਿਹਾਰਕ ਹੁਨਰ ਅਤੇ ਕਾਨੂੰਨੀ ਜਾਗਰੂਕਤਾ ਨੂੰ ਕਵਰ ਕਰਦੇ ਹੋਏ ਪੰਜ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਚਲਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਵਿੱਚ 5,000 ਤੋਂ ਵੱਧ ਸਮਰਪਿਤ ਨਸ਼ਾ ਛੁਡਾਊ ਅਤੇ ਪੁਨਰਵਾਸ ਬੈੱਡ ਸਮਰੱਥਾ ਉਪਲਬਧ ਕਰਵਾਈ ਗਈ ਹੈ। ਸਰਕਾਰ ਵੱਲੋਂ 36 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ, 19 ਸਰਕਾਰੀ ਪੁਨਰਵਾਸ ਕੇਂਦਰਾਂ, 143 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਅਤੇ 72 ਨਿੱਜੀ ਪੁਨਰਵਾਸ ਕੇਂਦਰਾਂ ‘ਤੇ ਬੋਰਡਿੰਗ, ਰਿਹਾਇਸ਼, ਭੋਜਨ ਅਤੇ ਦਵਾਈਆਂ ਸਮੇਤ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। 10.31 ਲੱਖ ਤੋਂ ਵੱਧ ਰਜਿਸਟਰਡ ਮਰੀਜ਼ਾਂ ਵਾਲੇ 547 ਓ ਓ ਏ ਟੀ (ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ) ਕਲੀਨਿਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ।
ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਵਿੱਚ ਮੈਥਾਡੋਨ ਪ੍ਰਣਾਲੀ ਨਾਲ ਨਸ਼ਾ ਪੀੜਤਾਂ ਦਾ ਇਲਾਜ ਸ਼ੁਰੂ ਕਰਨ ਉਪਰੰਤ ਜਲੰਧਰ, ਮੋਹਾਲੀ, ਫਰੀਦਕੋਟ ਅਤੇ ਪਟਿਆਲਾ ਵਿੱਚ ਇਸ ਦਾ ਵਿਸਥਾਰ ਚੱਲ ਰਿਹਾ ਹੈ। ਇਹ ਵਿਧੀ ਨਸ਼ੇੜੀਆਂ ਦੁਆਰਾ ਇੱਕੋ ਸੂਈ ਦੀ ਵਰਤੋਂ ਤੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੂਬੇ ਚ ਨਸ਼ਾ ਪੀੜਤਾਂ ਦੇ ਇਲਾਜ ਲਈ ਤਰਲ ਅਤੇ ਓਰਲ ਸਬਸਟੀਚਿਊਸ਼ਨ ਥੈਰੇਪੀ ਅਪਣਾਏ ਜਾਣ ਦਾ ਹਿੱਸਾ ਹੈ।
ਡਾ. ਬਲਬੀਰ ਨੇ ਮੈਡੀਕਲ ਅਫਸਰਾਂ ਅਤੇ ਮਾਹਿਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮੂਹਿਕ ਯਤਨ “ਇੱਕ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ” ਨੂੰ ਯਕੀਨੀ ਬਣਾਉਣਗੇ। ਹਾਜ਼ਰ ਅਧਿਕਾਰੀਆਂ ਵਿੱਚ ਬਸੰਤ ਗਰਗ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਸ਼੍ਰੀਮਤੀ ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ, ਨਵਦੀਪ ਸੈਣੀ, ਮੈਡੀਕਲ ਸੁਪਰਡੈਂਟ (ਏਆਈਐਮਐਸ), ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ 35 ਮੈਡੀਕਲ ਅਫਸਰ ਸ਼ਾਮਲ ਸਨ।
