Home ਪੰਜਾਬ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, ਰਾਵੀ ਦਰਿਆ ਦਾ ਆਰਜੀ...

ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, ਰਾਵੀ ਦਰਿਆ ਦਾ ਆਰਜੀ ਬੰਨ੍ਹ ਟੁੱਟਿਆ ਫਸਲਾਂ ਹੋ ਰਹੀਆਂ ਤਬਾਹ ਕਈ ਥਾਵਾਂ ਉੱਤੇ ਸਕੂਲ ਬੰਦ

0

26 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਤਿੰਨੋਂ ਦਰਿਆਵਾਂ ਰਾਵੀ, ਸਤਲੁਜ ਅਤੇ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।

ਲਗਾਤਾਰ ਹੋ ਰਹੀ ਬਰਸਾਤ ਕਾਰਨ ਡੇਰਾ ਬਾਬਾ ਨਾਨਕ ਰਾਵੀ ਦਰਿਆ ਇਸ ਵੇਲੇ ਪੂਰਾ ਉਫਾਨ ਤੇ ਚੱਲ ਰਿਹਾ ਹੈ ਤੇ ਬੀਤੀ ਰਾਤ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਦਾ ਆਰਜੀ ਬੰਨ ਟੁੱਟਣ ਨਾਲ ਨੇੜਲੇ ਖੇਤਾਂ ਵਿੱਚ ਪਾਣੀ ਭਰਨ ਨਾਲ ਕਾਫੀ ਹੱਦ ਤੱਕ ਝੋਨੇ ਅਤੇ ਕਮਾਦ ਦੀ ਫਸਲ ਬਰਬਾਦ ਹੋ ਰਹੀ ਹੈ।

ਗੱਲਬਾਤ ਦੌਰਾਨ ਐਸਐਸਪੀ ਦਿਹਾਤੀ  ਮਲਵਿੰਦਰ ਸਿੰਘ ਅਤੇ ਐਸਡੀਐਮ ਅਜਨਾਲਾ ਰਵਿੰਦਰ ਅਰੋੜਾ ਨੇ ਦੱਸਿਆ ਕਿ ਪਹਾੜਾਂ ਅਤੇ ਪੰਜਾਬ ਵਿੱਚ ਹੋ ਰੀ ਬਰਸਾਤ ਕਾਰਨ ਰਾਵੀ ਦੇ ਵਿੱਚ ਪਾਣੀ ਦਾ ਜਲ ਪੱਧਰ ਵੱਧ ਚੁੱਕਾ ਹੈ ਪਰ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਤੇ ਹੜ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਹੋਏ ਹਨ । ਕਿਸਾਨਾਂ ਵੱਲੋਂ ਦਰਿਆ ਵਿੱਚ ਵੱਧਦਾ ਪਾਣੀ ਵੇਖ ਆਪਣੀਆਂ ਫਸਲਾਂ ਅਤੇ ਪਸ਼ੂਆਂ ਦਾ ਚਾਰਾ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਪਾਣੀ ਦਾ ਜਲ ਪੱਧਰ ਵੱਧਦਾ ਰਿਹਾ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਹੈ।

ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ, ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲਾਕਾਂ ਦੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਹਨ। ਫਾਜ਼ਿਲਕਾ ਦੇ 20 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।

ਮੀਂਹ ਕਾਰਨ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਅੱਜ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।

ਗੁਰਦਾਸਪੁਰ ਦੇ ਦੀਨਾਨਗਰ ਵਿੱਚ ਪਿੰਡ ਉਗਰਾ ਨੇੜੇ ਧੁੱਸੀ ਬੰਨ੍ਹ ਦੋ ਥਾਵਾਂ ‘ਤੇ ਟੁੱਟ ਗਿਆ ਹੈ, ਜਿਸ ਕਾਰਨ ਲੋਕ ਬਹੁਤ ਮੁਸ਼ਕਲ ਵਿੱਚ ਹਨ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰ ਰਿਹਾ ਹੈ, ਉੱਥੇ ਪ੍ਰਸ਼ਾਸਨ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕਰ ਰਿਹਾ ਹੈ।

ਪਠਾਨਕੋਟ ‘ਚ ਤਬਾਹੀ

ਲਗਾਤਾਰ ਪੈ ਰਹੇ ਮੀਂਹ ਨਾਲ ਪਠਾਨਕੋਟ ਜ਼ਿਲ੍ਹੇ ਵਿੱਚ ਤਬਾਹੀ ਦੇ ਮੰਜ਼ਰ ਸਾਹਮਣੇ ਆ ਰਹੇ ਹਨ। ਪਠਾਨਕੋਟ-ਕਠੂਆ ਪੁਲ ਟੁੱਟ ਜਾਣ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸੇ ਦੌਰਾਨ ਪਿੰਡ ਕੋਠੇ ਮਵਾਲ ਵਿੱਚ ਇਕ ਘਰ ਮੀਂਹ ਕਾਰਨ ਢਹਿ ਕੇ ਢੇਰੀ ਹੋ ਗਿਆ। ਪਠਾਨਕੋਟ ਵਿੱਚ ਬਣੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਰੈਸਕਿਊ ਤੇ ਰਾਹਤ ਕੰਮ ਤੇਜ਼ੀ ਨਾਲ ਜਾਰੀ ਹਨ।

ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਵੱਖ-ਵੱਖ ਟੀਮਾਂ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਇਲਾਕਿਆਂ ਵਿੱਚ ਫ਼ਸੇ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਪਹੁੰਚ ਚੁੱਕੀਆਂ ਹਨ।

ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਅਤੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

ਇਲਾਕੇ ਦੇ ਲੋਕ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦੇ ਫੋਨ ਨੰਬਰ 01852-224107 ‘ਤੇ ਸੰਪਰਕ ਕਰ ਸਕਦੇ ਹਨ।

ਸਬ-ਡਵੀਜ਼ਨ ਪੱਟੀ ਲਈ ਫ਼ੋਨ ਨੰਬਰ 01851-245930, ਸਬ-ਡਵੀਜ਼ਨ ਖਡੂਰ ਸਾਹਿਬ ਲਈ 01859-237358, ਸਬ-ਡਵੀਜ਼ਨ ਤਰਨ ਤਾਰਨ ਲਈ ਫ਼ੋਨ ਨੰਬਰ 01852-222555, ਕਪੂਰਥਲਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01822-231990, ਸੁਲਤਾਨਪੁਰ ਲੋਧੀ ਸਬ ਡਵੀਜ਼ਨ 01828-222169 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version