Home ਪੰਜਾਬ ਵਿਸ਼ਵ ਕਵਿਤਾ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

ਵਿਸ਼ਵ ਕਵਿਤਾ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

0

ਪਟਿਆਲਾ 21 ਮਾਰਚ:
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ (ਭਾਸ਼ਾ ਵਿਭਾਗ ਪੰਜਾਬ) ਵੱਲੋਂ ਅੱਜ ਵਿਸ਼ਵ ਕਵਿਤਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਯੁਵਾ ਕਵੀ ਦਰਬਾਰ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਦੀ ਦੇਖ-ਰੇਖ ’ਚ ਕਰਵਾਏ ਗਏ ਕਵੀ ਦਰਬਾਰ ਦੌਰਾਨ ਸ਼੍ਰੋਮਣੀ ਕਵੀ ਬਲਵਿੰਦਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕੀਤੀ। ਸਮਾਗਮ ਦੌਰਾਨ ਮਹਿਮਾਨਾਂ ਵੱਲੋਂ ਕਵਿਤਾਵਾਂ ਸੁਣਾਉਣ ਦੇ ਨਾਲ-ਨਾਲ ਕਵਿਤਾ ਬਾਰੇ ਨਵੀਆਂ ਕਵੀਆਂ ਨੂੰ ਮਹੱਤਵਪੂਰਨ ਜਾਣਕਾਰੀ ਤੇ ਸੇਧ ਦੇ ਕੇ ਸਮਾਗਮ ਨੂੰ ਵਰਕਸ਼ਾਪ ਦਾ ਰੂਪ ਦੇ ਦਿੱਤਾ। ਸਮਾਗਮ ਦੀ ਸਫਲਤਾ ਲਈ ਪ੍ਰੋ. ਗੁਰਸੇਵਕ ਲੰਬੀ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਸੁਖਦਰਸ਼ਨ ਸਿੰਘ ਚਹਿਲ, ਨਵਨੀਤ ਕੌਰ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।
ਮੁੱਖ ਮਹਿਮਾਨ ਬਲਵਿੰਦਰ ਸੰਧੂ ਨੇ ਕਵਿਤਾ ਦੇ ਜਨਮ, ਨਿਕਾਸ ਤੇ ਵਿਕਾਸ ਬਾਰੇ ਚਾਨਣਾ ਪਾਇਆ ਅਤੇ ਕਵਿਤਾ ਦੇ ਮਨੁੱਖੀ ਜੀਵਨ ’ਚ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਕਵਿਤਾ ਬਾਰੇ ਆਪਣੀਆਂ ਦੋ ਕਵਿਤਾਵਾਂ ਵੀ ਸੁਣਾਈਆਂ। ਸ. ਦਰਸ਼ਨ ਬੁੱਟਰ ਨੇ ਉਭਰਦੇ ਕਵੀਆਂ ਨੂੰ ਕਵਿਤਾ ਲਿਖਣ ਤੇ ਮੰਚ ’ਤੇ ਪੇਸ਼ਕਾਰੀ ਬਾਰੇ ਭਾਵਪੂਰਤ ਸੇਧ ਦਿੱਤੀ ਅਤੇ ਸਮੁੱਚੇ ਕਵੀਆਂ ਦੀ ਪੇਸ਼ਕਾਰੀ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਆਪਣੀ ਕਵਿਤਾ ‘ਉਲਟਾ-ਪੁਲਟਾ’ ਰਾਹੀਂ ਆਪਣੀ ਸਵਰਗਵਾਸੀ ਪਤਨੀ ਦੀਆਂ ਯਾਦਾਂ ਨਾਲ ਸਭ ਨੂੰ ਭਾਵੁਕ ਕਰ ਦਿੱਤਾ। ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕਵੀ ਦਰਬਾਰ ਦੀ ਸਫਲਤਾ ਲਈ ਪੰਜਾਬੀ ਵਿਭਾਗ, ਵਿਦਿਆਰਥੀ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਤੁਰੰਨਮ ’ਚ ਗੀਤ ਪੇਸ਼ ਕੀਤਾ। ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਰਾਹੀਂ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਡਾ. ਰਾਜਵੰਤ ਕੌਰ ਪੰਜਾਬੀ ਨੇ ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕੀਤੇ ਜਾ ਰਹੇ ਨਿਵੇਕਲੇ ਉੱਦਮਾਂ ਦੀ ਸ਼ਲਾਘਾ ਕੀਤੀ। ਡਾ. ਗੁਰਸੇਵਕ ਲੰਬੀ ਨੇ ਆਪਣੇ ਗੀਤ ਤੇ ਗਜ਼ਲ ਰਾਹੀਂ ਰੰਗ ਬੰਨਿਆ। ਇਸ ਕਵੀ ਦਰਬਾਰ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਕਵੀਆਂ ਅਭਿਰੋਜ ਵੀਰ ਸਿੰਘ, ਕੋਮਲਪ੍ਰੀਤ ਕੌਰ, ਨਿਸ਼ਾਂਤ, ਮਨਦੀਪ ਕੌਰ ਤੰਬੂਵਾਲ, ਦਵਿੰਦਰ ਸਿੰਘ, ਹਸਨ ਹਬੀਬ, ਜਗਦੀਪ ਜਵਾਹਰਕੇ, ਕਮਲਦੀਪ ਜਲੂਰ, ਗੁਰਸੇਵਕ ਲੰਬੀ, ਰਣਜੀਤ ਸਿੰਘ, ਡਾ. ਮੁਦੱਸਰ ਰਸ਼ੀਦ, ਗੁਰਕੀਰਤ ਕੌਰ ਤੇ ਕਮਲਦੀਪ ਬਾਲਦ ਕਲਾਂ ਨੇ ਰੰਗ ਬੰਨਿਆ। ਅਖੀਰ ਵਿੱਚ ਸਾਰੇ ਕਵੀਆਂ ਅਤੇ ਮਹਿਮਾਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਮਲਦੀਪ ਬਾਲਦ ਕਲਾਂ ਨੇ ਬਾਖੂਬੀ ਕੀਤੀ।
ਤਸਵੀਰ:- ਵਿਸ਼ਵ ਕਵਿਤਾ ਦਿਵਸ ਮੌਕੇ ਜ਼ਿਲ੍ਹਾ ਦਫ਼ਤਰ ਪਟਿਆਲਾ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਯੁਵਾ ਕਵੀ ਦਰਬਾਰ ਦੌਰਾਨ ਕਵੀਆਂ ਨੂੰ ਸਨਮਾਨਿਤ ਕਰਦੇ ਹੋਏ ਬਲਵਿੰਦਰ ਸੰਧੂ, ਦਰਸ਼ਨ ਬੁੱਟਰ, ਡਾ. ਬਲਵਿੰਦਰ ਕੌਰ ਸਿੱਧੂ, ਡਾ. ਮਨਜਿੰਦਰ ਸਿੰਘ, ਡਾ. ਰਾਜਵੰਤ ਪੰਜਾਬੀ, ਡਾ. ਗੁਰਸੇਵਕ ਲੰਬੀ ਤੇ ਡਾ. ਸੁਖਦਰਸ਼ਨ ਸਿੰਘ ਚਹਿਲ।

NO COMMENTS

LEAVE A REPLY

Please enter your comment!
Please enter your name here

Exit mobile version