Home ਪੰਜਾਬ ਪਾਤੜਾਂ ਦੇ ਐਸ.ਡੀ.ਐਮ ਤੇ ਡੀ.ਐਸ.ਪੀ. ਨੇ ਢਾਬੀ ਗੁੱਜਰਾਂ ਬਾਰਡਰ ਦੇ ਦੋਵੇਂ ਰਸਤੇ...

ਪਾਤੜਾਂ ਦੇ ਐਸ.ਡੀ.ਐਮ ਤੇ ਡੀ.ਐਸ.ਪੀ. ਨੇ ਢਾਬੀ ਗੁੱਜਰਾਂ ਬਾਰਡਰ ਦੇ ਦੋਵੇਂ ਰਸਤੇ ਖੁਲ੍ਹਵਾਏ

0
ਪਾਤੜਾਂ/ਪਟਿਆਲਾ, 21 ਮਾਰਚ:
ਪਾਤੜਾਂ ਦੇ ਐਸ.ਡੀ.ਐਮ. ਅਸ਼ੋਕ ਕੁਮਾਰ ਅਤੇ ਡੀ.ਐਸ.ਪੀ. ਇੰਦਰਜੀਤ ਸਿੰਘ ਚੌਹਾਨ ਨੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਅੱਜ ਢਾਬੀ ਗੁੱਜਰਾਂ ਬਾਰਡਰ ਦੇ ਦੋਵੇਂ ਪਾਸੇ ਰਸਤੇ ਖੁਲ੍ਹਵਾ ਦਿੱਤੇ ਹਨ ਅਤੇ ਆਵਾਜਾਈ ਆਮ ਵਾਂਗ ਚਾਲੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੇ ਬੀਤੇ ਦਿਨਾਂ ਤੋਂ ਲਗਾਤਾਰ ਢਾਬੀ ਗੁੱਜਰਾਂ ਬਾਰਡਰ ਦਾ ਦੌਰਾ ਕਰਕੇ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਚਾਰਾਜੋਈ ਕੀਤੀ ਅਤੇ ਕਿਸਾਨਾਂ ਦਾ ਜੋ ਸਮਾਨ ਇੱਥੇ ਪਿਆ ਹੈ, ਉਸ ਨੂੰ ਸੁਰੱਖਿਅਤ ਸਬੰਧਤਾਂ ਨੂੰ ਸੌਂਪਿਆ ਜਾ ਰਿਹਾ ਹੈ।
ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਹਗੀਰਾਂ ਦੀ ਸਹੂਲਤ ਲਈ ਆਵਾਜਾਈ ਆਮ ਵਾਂਗ ਬਹਾਲ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਨਾਲ ਲੱਗਦੇ ਬਾਰਡਰਾਂ ‘ਤੇ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹਰਿਆਣਾ ਵਾਲੇ ਪਾਸਿਓਂ ਵੀ ਰੁਕਾਵਟਾਂ ਦੂਰ ਕਰਨ ਨਾਲ ਦੋਵੇਂ ਪਾਸੇ ਆਵਾਜਾਈ ਬਹਾਲ ਹੋ ਗਈ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਢਾਬੀ ਗੁੱਜਰਾਂ ਵਿਖੇ ਸੜਕ ਦੀ ਸਾਫ਼-ਸਫਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਜਾਂਚ ਕਰਕੇ ਸੁਰੱਖਿਆ ਦਾ ਸਰਟੀਫਿਕੇਟ ਮਿਲਣ ਮਗਰੋਂ ਸਾਰੇ ਵਹੀਕਲਾਂ ਦੀ ਆਵਾਜਾਈ ਬਹਾਲ ਹੋ ਗਈ ਅਤੇ ਹੁਣ ਪੰਜਾਬ ਦੇ ਲੋਕ ਜੀਂਦ, ਨਰਵਾਣਾ, ਰੋਹਤਕ, ਦਿੱਲੀ ਆਦਿ ਸ਼ਹਿਰਾਂ ਲਈ ਬੇਰੋਕ ਆ-ਜਾ ਸਕਣਗੇ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਵੀ ਮੌਜੂਦ ਸਨ।
********
ਫੋਟੋ ਕੈਪਸ਼ਨ- ਪਾਤੜਾਂ ਦੇ ਐਸ.ਡੀ.ਐਮ. ਅਸ਼ੋਕ ਕੁਮਾਰ ਅਤੇ ਡੀ.ਐਸ.ਪੀ. ਇੰਦਰਜੀਤ ਸਿੰਘ ਚੌਹਾਨ ਢਾਬੀ ਗੁੱਜਰਾਂ ਬਾਰਡਰ ਦਾ ਦੌਰਾ ਕਰਦੇ ਹੋਏ।

NO COMMENTS

LEAVE A REPLY

Please enter your comment!
Please enter your name here

Exit mobile version