ਪਟਿਆਲਾ, 20 ਮਾਰਚ:
ਜ਼ਿਲ੍ਹਾ ਆਧਾਰ ਇਨਰੋਲਮੈਂਟ ਕਮੇਟੀ ਦੀ ਇੱਕ ਮੀਟਿੰਗ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਆਧਾਰ ਕਾਰਡਾਂ ਦੀ ਇਨਰਾਲਮੈਂਟ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਹੋਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਆਧਾਰ ਕਾਰਡਾਂ ਦੀ ਇਨਰੋਲਮੈਂਟ ਦੇ ਕੰਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਏ.ਡੀ.ਸੀ. ਨੇ ਹਦਾਇਤ ਕੀਤੀ ਕਿ ਆਧਾਰ ਇਨਰੋਲਮੈਂਟ ਦੇ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ।ਇਸ਼ਾ ਸਿੰਗਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ਨੇ ਆਪਣੇ ਜਾਂ ਆਪਣੇ ਬੱਚਿਆਂ ਦੇ ਪਿਛਲੇ 10 ਸਾਲਾਂ ਵਿੱਚ ਆਧਾਰ ਅਪਡੇਟ ਨਹੀਂ ਕਰਵਾਏ ਹਨ ਉਹ ਆਪਣੇ ਨੇੜੇ ਪੈਂਦੇ ਸੇਵਾ ਕੇਂਦਰਾਂ ਵਿੱਚ ਜਾ ਕੇ ਲਾਜਮੀ ਆਧਾਰ ਅਪਡੇਟ ਕਰਵਾਉਣ।
ਇਸ਼ਾ ਸਿੰਗਲ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਆਪਣੇ ਸਟੇਟ ਪੋਰਟਲ ਉਪਰ ਲੰਬਿਤ ਪਈਆਂ ਆਧਾਰ ਅਰਜ਼ੀਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ। ਜ਼ਿਲ੍ਹਾ ਸਿੱਖਿਆ ਅਫਸਰ, ਪ੍ਰਾਇਮਰੀ ਤੇ ਸੈਕੰਡਰੀ ਨੂੰ ਕਿਹਾ ਗਿਆ ਕਿ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋਣ ਬਾਅਦ 15 ਅਪ੍ਰੈਲ ਤੋਂ ਲਗਾਤਾਰ ਸਕੂਲਾਂ ਵਿੱਚ ਕੈਂਪ ਲਗਾਏ ਜਾਣ ਅਤੇ ਵੱਧ-ਵੱਧ ਤੋਂ ਆਧਾਰ ਅਪਡੇਸ਼ਨ ਕੀਤੀ ਜਾਵੇ।ਇਸੇ ਤਰ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਅਧੀਨ ਪੈਂਦੇ ਅਨਾਥ ਆਸ਼ਰਮ ਵਿੱਚ ਬੱਚਿਆਂ ਦੇ ਆਧਾਰ ਕਾਰਡ ਬਣਵਾਏ ਜਾਣ। ਇਸ ਸਬੰਧੀ ਪੋਸਟ ਆਫਿਸ ਦਫਤਰ ਨੂੰ ਉਨ੍ਹਾਂ ਪਾਸ ਉਪਲਬਧ ਮਸ਼ੀਨਾਂ ਨੂੰ ਅਨਾਥ ਆਸ਼ਰਮ ਵਿੱਚ ਸ਼ਿਫਟ ਕਰਵਾ ਕੇ ਆਧਾਰ ਕਾਰਡ ਬਣਾਉਣ ਦੀ ਹਦਾਇਤ ਕੀਤੀ ਗਈ।
ਇਸਤਰੀ ਅਤੇ ਬਾਲ ਵਿਭਾਗ, ਪਟਿਆਲਾ ਨੂੰ ਆਂਗਨਵਾੜੀ ਕੇਂਦਰਾਂ ਵਿੱਚ ਸੇਵਾ ਕੇਂਦਰ ਵੱਲੋਂ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ। ਜਿਸ ਸਬੰਧੀ ਵਿਭਾਗ ਦੇ ਨੁਮਾਇੰਦੇ ਸੋਨੂ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1829 ਆਂਗਨਵਾੜੀ ਕੇਂਦਰ ਹਨ, ਜਿੰਨ੍ਹਾਂ ਦੀ ਬਲਾਕ ਵਾਈਜ਼ ਡੀਟੇਲ ਮੁਹੱਈਆ ਕਰਵਾਕੇ ਸੇਵਾ ਕੇਂਦਰ ਵੱਲੋਂ ਕੈਂਪ ਦਾ ਸ਼ਡਿਊਲ ਤਿਆਰ ਕਰਕੇ ਮਸ਼ੀਨਾਂ ਦੀ ਮੈਪਿੰਗ ਕਰਵਾਈ ਜਾਵੇਗੀ ਅਤੇ 15-04-2025 ਤੱਕ ਕੈਂਪ ਲਗਵਾ ਕੇ ਬੱਚਿਆਂ ਦੇ ਆਧਾਰ ਕਾਰਡ ਬਣਵਾਏ ਜਾਣਗੇ। ਇਸ ਤੋਂ ਇਲਾਵਾ ਪੋਸਟ ਆਫਿਸ ਨੂੰ ਉਪਲਬਧ ਮਸ਼ੀਨਾਂ ਕੈਂਪਾਂ ਵਿੱਚ ਸ਼ਿਫਟ ਕਰਵਾਉਣ ਦੀ ਹਦਾਇਤ ਕੀਤੀ।
ਡੀ.ਐਮ., ਸੇਵਾ ਕੇਂਦਰ, ਨੂੰ ਵੱਖ-ਵੱਖ ਆਂਗਨਵਾੜੀ ਕੇਂਦਰਾਂ ਨਾਲ ਮਸ਼ੀਨਾਂ ਦੀ ਮੈਂਪਿੰਗ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਪਾਸ ਉਪਲਬਧ ਆਧਾਰ ਇਨਰਾਲਮੈਂਟ ਕਿਟਸ ਨੂੰ ਮਿਤੀ 15-04-2025 ਤੱਕ ਐਕਟੀਵੇਟ ਕਰਵਾਉਣ ਲਈ ਹਦਾਇਤ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਵਿਭਾਗ, ਨੂੰ ਆਧਾਰ ਇਨਰੋਲਮੈਂਟ ਦੇ ਕੰਮਾਂ ਦੀ ਮਾਨੀਟਰਿੰਗ ਕਰਨ ਅਤੇ ਸਬੰਧਤ ਵਿਭਾਗਾਂ ਪਾਸੋਂ ਅਪਡੇਟ ਲੈ ਕੇ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ।
ਇਸ ਦੌਰਾਨ ਐਸ.ਡੀ.ਐਮ ਨਾਭਾ ਡਾ. ਇਸਮਤ ਵਿਜੇ ਸਿੰਘ ਤੋਂ ਇਲਾਵਾ ਹੋਰ ਉਪ ਮੰਡਲ ਮੈਜਿਸਟ੍ਰੇਟ ਵੀ.ਸੀ. ਰਾਹੀਂ ਜੁੜੇ ਹੋਏ ਸਨ। ਜਦੋਂ ਕਿ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਰੂਪਪ੍ਰੀਤ ਕੌਰ ਸੰਧੂ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਤੇ ਸੈਕੰਡਰੀ) ਦਫ਼ਤਰ ਤੋਂ ਰਵਿੰਦਰ ਸਿੰਘ ਤੇ ਜਗਮੀਤ ਸਿੰਘ ਸਮੇਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਮੁੱਖ ਡਾਕ ਘਰ ਦੇ ਨੁਮਾਇੰਦਿਆਂ ਸਮੇਤ ਜ਼ਿਲ੍ਹਾ ਕੋਆਰਡੀਨੇਟਰ ਗਵਰਨੈਂਸ ਰਿਫ਼ਾਰਮਜ਼ ਰੋਬਿਨ ਸਿੰਘ, ਸੇਵਾ ਕੇਂਦਰ ਦੇ ਡੀ.ਐਮ. ਗੁਰਪ੍ਰੀਤ ਸਿੰਘ ਤੇ ਹੋਰ ਮੌਜੂਦ ਸਨ, ਜ਼ਿਨ੍ਹਾਂ ਨੇ ਆਧਾਰ ਇਨਰੋਲਮੈਂਟ ਦੇ ਕੰਮ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
********
ਫੋਟੋ ਕੈਪਸ਼ਨ-ਜ਼ਿਲ੍ਹਾ ਆਧਾਰ ਇਨਰੋਲਮੈਂਟ ਕਮੇਟੀ ਦੀ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਪਟਿਆਲਾ ਵਿਖੇ ਆਧਾਰ ਕਾਰਡਾਂ ਦੀ ਇਨਰਾਲਮੈਂਟ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ।