Home ਹਰਿਆਣਾ ਸਿੱਖਿਆ, ਨਵੀਨਤਾ ਅਤੇ ਸਮਾਜਿਕ ਵਚਨਬੱਧਤਾ ਰਾਹੀਂ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਨੌਜਵਾਨ- ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼

ਸਿੱਖਿਆ, ਨਵੀਨਤਾ ਅਤੇ ਸਮਾਜਿਕ ਵਚਨਬੱਧਤਾ ਰਾਹੀਂ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਨੌਜਵਾਨ- ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼

Governor Prof. Asim Kumar Ghosh Urges Youth to Drive National and State Development Through Education and Innovation

0

ਚੰਡੀਗੜ੍ਹ, 28 ਅਕਤੂਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਦੁਨੀਆ ਨੂੰ ਸਿਰਫ਼ ਸਵਾਲਾਂ ਦੇ ਜਵਾਬ ਜਾਣਨ ਵਾਲੇ ਲੋਕਾਂ ਦੀ ਹੀ ਨਹੀਂ, ਸਗੋਂ ਬਿਹਤਰ ਸਵਾਲ ਪੁੱਛਣ ਅਤੇ ਨਵੀਆਂ ਸੰਭਾਵਨਾਵਾਂ ਦੀ ਭਾਲ ਕਰਨ ਦਾ ਸਾਹਸ ਰੱਖਣ ਵਾਲੇ ਨੌਜਵਾਨਾਂ ਦੀ ਵੀ ਲੋੜ ਹੈ। ਵਿਦਿਆਰਥੀਆਂ ਦੀ ਅਸਲ ਪਛਾਣ ਸਿਰਫ਼ ਉਨ੍ਹਾਂ ਦੀ ਡਿਗਰੀ ਨਾਲ ਨਹੀਂ, ਸਗੋਂ ਉਨ੍ਹਾਂ ਦੀ ਸੋਚ ਦੀ ਡੂੰਘਾਈ, ਚਰਿੱਤਰ ਦੀ ਮਜ਼ਬੂਤੀ ਅਤੇ ਗਿਆਨ ਦੀ ਮਾਨਵੀ ਵਰਤੋਂ ਨਾਲ ਹੁੰਦੀ ਹੈ ਇਸ ਲਈ ਸਾਰੇ ਡਿਗਰੀਧਾਰਕ ਸਿੱਖਿਆ, ਨਵੀਨਤਾ, ਉੱਦਮਸ਼ੀਲਤਾ ਅਤੇ ਸਮਾਜਿਕ ਵਚਨਬੱਧਤਾ ਰਾਹੀਂ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਇਸ ਦੇ ਨਾਲ ਹੀ ਗਿਆਨ, ਚਰਿੱਤਰ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ।

ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਮੰਗਲਵਾਰ ਨੂੰ ਕੈਥਲ ਸਥਿਤ ਆਰ.ਕੇ.ਐਸ.ਡੀ. ਕਾਲਜ ਦੇ 35ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ ਇਸ ਮੌਕੇ ਲਗਭਗ 190 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਡਿਗਰੀ ਵੰਡ ਸਮਾਰੋਹ ਦੌਰਾਨ ਉਨ੍ਹਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਮਾਰੋਹ ਇੱਕ ਪਾਸੇ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਜੀਵਨ ਦੀ ਨਵੀਂ ਯਾਤਰਾ ਦੀ ਸ਼ੁਰੂਆਤ ਵੀ ਹੈ। ਵਿਦਿਆਰਥੀਆਂ ਨੇ ਸਾਲਾਂ ਦੌਰਾਨ ਜੋ ਗਿਆਨ ਹਾਸਲ ਕੀਤਾ ਹੈ, ਹੁਣ ਉਨ੍ਹਾਂ ਦੇ ਸਾਹਮਣੇ ਆਪਣੇ ਵਿਚਾਰਾਂ, ਪ੍ਰਤਿਭਾ ਅਤੇ ਸਮਰੱਥਾਵਾਂ ਰਾਹੀਂ ਦੁਨੀਆ ਨੂੰ ਬਿਹਤਰ ਬਣਾਉਣ ਦਾ ਮੌਕਾ ਹੈ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਤਜਰਬੇ ਨੂੰ ਨਵੀਂ ਸੋਚ ਅਤੇ ਸਕਾਰਾਤਮਕ ਬਦਲਾਅ ਵਿੱਚ ਬਦਲਣ ਦਾ ਯਤਨ ਕਰਨਾ ਚਾਹੀਦਾ ਹੈ।

ਰਾਜਪਾਲ ਪ੍ਰੋ. ਘੋਸ਼ ਨੇ ਆਰ.ਕੇ.ਐਸ.ਡੀ. ਕਾਲਜ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵਿੱਚ ਲਗਭਗ 5,000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚ 2,600 ਵਿਦਿਆਰਥਣਾਂ ਸ਼ਾਮਲ ਹਨ। ਸੰਸਥਾ ਉਨ੍ਹਾਂ ਦੇ ਅਕਾਦਮਿਕ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਗਿਆਨ, ਮਾਰਗਦਰਸ਼ਨ ਅਤੇ ਸੰਸਕਾਰ ਜੀਵਨ ਭਰ ਉਨ੍ਹਾਂ ਦੀ ਅਨਮੋਲ ਪੂੰਜੀ ਣੇ ਰਹਿਣਗੇ। ਅਧਿਆਪਕਾਂ ਦੇ ਵਿਚਾਰ, ਵਿਹਾਰ ਅਤੇ ਆਦਰਸ਼ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਾਲ 1954 ਤੋਂ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾ ਰਿਹਾ ਆਰ.ਕੇ.ਐਸ.ਡੀ. ਕਾਲਜ ਹਰਿਆਣਾ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿੱਚ ਆਪਣੀ ਪਛਾਣ ਰੱਖਦਾ ਹੈ। ਖ਼ਾਸ ਤੌਰ ’ਤੇ ਆਸਪਾਸ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਿੱਚ ਸੰਸਥਾ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸੂਬੇ ਦਾ ਕੋਈ ਵੀ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਤੋਂ ਵਾਂਝਾ ਨਾ ਰਹੇ।

ਆਪਣੇ ਸੰਬੋਧਨ ਦੇ ਅੰਤ ਵਿੱਚ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਹਰਿਆਣਾ ਨੂੰ ਵਿਕਸਤ ਸੂਬਾ ਬਣਾਉਣ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਾਲ 2047 ਤੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿਆਨ, ਨਵੀਨਤਾ, ਸਖ਼ਤ ਮਿਹਨਤ, ਉੱਦਮਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਰਾਹੀਂ ਅਜਿਹਾਭਵਿੱਖ ਤਿਆਰ ਕਰਨਾ ਹੋਵੇਗਾ, ਜਿਸ ਵਿੱਚ ਸਮਾਜ ਦੇ ਹਰੇਕ ਵਰਗ ਤੱਕ ਵਿਕਾਸ ਦਾ ਲਾਭ ਪਹੁੰਚੇ ਅਤੇ ਸਾਰਿਆਂ ਨੂੰ ਬਰਾਬਰ ਦੇ ਮੌਕੇ, ਸਨਮਾਨ ਅਤੇ ਖੁਸ਼ਹਾਲੀ ਪ੍ਰਾਪਤ ਹੋ ਸਕੇ।

ਇਸ ਮੌਕੇ ਰਾਸ਼ਟਰੀ ਵਿਦਿਆ ਸਮਿਤੀ ਦੇ ਪ੍ਰਧਾਨ ਅਸ਼ਵਨੀ ਸ਼ੋਰਵਾਲਾ, ਸਮਿਤੀ ਦੇ ਸਾਬਕਾ ਪ੍ਰਧਾਨ ਸਤੀਸ਼ ਬਾਂਸਲ, ਸਾਕੇਤ ਮੰਗਲ ਅਤੇ ਅਨਿਲ ਸ਼ੋਰਵਾਲਾ, ਮੀਤ ਪ੍ਰਧਾਨ ਮਹੇਸ਼ ਮੰਗਲ ਅਤੇ ਸ਼ਿਆਮ ਬਾਂਸਲ, ਜਨਰਲ ਸਕੱਤਰ ਪੰਕਜ ਬਾਂਸਲ, ਨਗਰ ਕੌਂਸਲਰ ਰੋਹਨ ਮਿੱਤਲ, ਖ਼ਜ਼ਾਨਚੀ ਅਸ਼ੋਕ ਮੰਗਲ, ਗਵਰਨਿੰਗ ਬਾਡੀ ਦੇ ਖ਼ਜ਼ਾਨਚੀ ਸੁਨੀਲ ਚੌਧਰੀ, ਕਾਲਜ ਦੇ ਪ੍ਰਿੰਸੀਪਲ ਡਾ. ਗਗਨ ਮਿੱਤਲ ਅਤੇ ਉ-ਪ੍ਰਿੰਸੀਪਲ ਡਾ. ਰਾਜਬੀਰ ਪਰਾਸ਼ਰ, ਨਵਨੀਤ ਗੋਇਲ, ਅਰੁਣ ਸਰਾਫ਼, ਡਾ. ਸੀ.ਬੀ. ਸੈਣੀ ਸਮੇਤ ਅਧਿਆਪਕ, ਪਤਵੰਤੇ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ।

Exit mobile version