ਚੰਡੀਗੜ੍ਹ, 12 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਸਿਰਫ਼ ਇੱਕ ਉਮਰ ਨਹੀਂ, ਸਗੋਂ ਊਰਜਾ, ਸਮਰੱਥਾ ਅਤੇ ਸੰਭਾਵਨਾਵਾਂ ਦਾ ਅਥਾਹ ਸਾਗਰ ਹਨ। ਨੌਜਵਾਨ ਸਿਰਫ਼ ਭਵਿੱਖ ਨਹੀਂ, ਸਗੋਂ ਵਰਤਮਾਨ ਦੀ ਸਭ ਤੋਂ ਵੱਡੀ ਤਾਕਤ ਹਨ ਜੋ ਵਿਕਸਤ ਭਾਰਤ-2047 ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਨਿਰਣਾਇਕ ਭੂਮਿਕਾ ਨਿਭਾਉਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ‘ਤੇ ਪੰਚਕੂਲਾ ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਐਚ.ਆਈ.ਵੀ.-ਏਡਜ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੀ 12 ਅਕਤੂਬਰ ਤੱਕ ਪੂਰੇ ਸੂਬੇ ਵਿੱਚ ਚੱਲੇਗੀ। ਉਨ੍ਹਾਂ ਦੇਸ਼ ਦੇ 15 ਸੁਰੱਖਿਅਤ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਲ ਹਰਿਆਣਾ ਦੇ ਕੁਰੂਕੇਸ਼ਤਰ ਅਤੇ ਕੈਥਲ ਜ਼ਿਲ੍ਹਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਐਚ.ਆਈ.ਵੀ. ਦੇ ਖਿਲਾਫ ਲੜਾਈ ਸਿਰਫ਼ ਵਿਰੋਧ ਨਾਲ ਨਹੀਂ, ਸਗੋਂ ਸਹੀ ਜਾਣਕਾਰੀ, ਜਾਗਰੂਕਤਾ, ਆਪਣਾਪਣ ਅਤੇ ਸੰਵੇਦਨਸ਼ੀਲਤਾ ਰਾਹੀਂ ਜਿੱਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਐਚ.ਆਈ.ਵੀ. ਨਾਲ ਜੀਵਨ ਜੀਅ ਰਹੇ ਵਿਅਕਤੀ ਤੋਂ ਦੂਰੀ ਬਣਾਉਣਾ ਅਗਿਆਨਤਾ ਹੈ। ਸਾਨੂੰ ਬਿਮਾਰੀ ਨਾਲ ਲੜਨਾ ਹੈ, ਬਿਮਾਰ ਵਿਅਕਤੀ ਨਾਲ ਨਹੀਂ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਚੁੱਪੀ, ਕਲੰਕ ਅਤੇ ਸ਼ਰਮ ਦੀਆਂ ਤਿੰਨ ਦੀਵਾਰਾਂ ਨੂੰ ਸਾਨੂੰ ਮਿਲ ਕੇ ਡੇਗਣਾ ਹੋਵੇਗਾ। ਹਰ ਵਿਅਕਤੀ ਘੱਟੋ-ਘੱਟ 10 ਹੋਰ ਲੋਕਾਂ ਤੱਕ ਐਚ.ਆਈ.ਵੀ. ਤੋਂ ਬਚਾਅ ਅਤੇ ਇਲਾਜ ਨਾਲ ਜੁੜੀ ਸਹੀ ਜਾਣਕਾਰੀ ਪਹੁੰਚਾਉਣ।
ਸਿਹਤਮੰਦ ਨੌਜਵਾਨ ਹੀ ਆਪਣੇ ਸੁਪਨਿਆਂ ਨੂੰ ਦੇ ਸਕਦਾ ਹੈ ਉਡਾਣ
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀਆਂ ਇੱਛਾਵਾਂ ਚਾਹੇ ਕਿੰਨੀਆਂ ਵੀ ਵੱਡੀਆਂ ਹੋਣ, ਉਨ੍ਹਾਂ ਨੂੰ ਪੂਰਾ ਕਰਨ ਲਈ ਸਿਹਤਮੰਦ ਅਤੇ ਸਮਰੱਥ ਸਰੀਰ ਜ਼ਰੂਰੀ ਹੈ। ਚੰਗੀ ਸਿਹਤ, ਬਿਹਤਰ ਸਿੱਖਿਆ, ਬਰਾਬਰ ਮੌਕੇ ਅਤੇ ਸੁਰੱਖਿਅਤ ਭਵਿੱਖ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਪਣਾ ਸਰੀਰ ਸਿਹਤਮੰਦ ਰੱਖਣਾ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਹੱਥ ਵਿੱਚ ਹੁਨਰ ਹੋਣਾ ਚਾਹੀਦਾ ਹੈ, ਉਸ ਵਿੱਚ ਨਸ਼ੇ ਦੀ ਸੂਈ ਨਹੀਂ ਹੋਣੀ ਚਾਹੀਦੀ ਅਤੇ ਜਿਨ੍ਹਾਂ ਅੱਖਾਂ ਵਿੱਚ ਜੀਵਨ ਦੀ ਚਮਕ ਹੋਣੀ ਚਾਹੀਦੀ ਹੈ, ਉਨ੍ਹਾਂ ਵਿੱਚ ਨਸ਼ੇ ਦਾ ਹਨ੍ਹੇਰਾ ਨਹੀਂ ਹੋਣਾ ਚਾਹੀਦਾ। ਸਿਹਤਮੰਦ ਸਰੀਰ ਅਤੇ ਅਨੁਸ਼ਾਸਿਤ ਕਿਰਦਾਰ ਹੀ ਮਜ਼ਬੂਤ ਭਵਿੱਖ ਦੀ ਨੀਂਹ ਹਨ।
ਪਿੰਡ ਦਾ ਨੌਜਵਾਨ ਵੀ ਸ਼ਹਿਰ ਦੇ ਨੌਜਵਾਨਾਂ ਵਾਂਗ ਆਧੁਨਿਕ ਹੁਨਰ ਸਿੱਖੇ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਭਾਰਤ ਦਾ ਨੌਜਵਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ, ਰੋਬੋਟਿਕਸ, ਡਰੋਨ, ਇਲੈਕਟ੍ਰੋਨਿਕਸ, ਡਿਜੀਟਲ ਤਕਨੀਕ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਵਿੱਚ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਹਰਿਆਣਾ ਨੂੰ ਇਸ ਬਦਲਾਅ ਵਿੱਚ ਸਭ ਤੋਂ ਅੱਗੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪਿੰਡ ਦਾ ਨੌਜਵਾਨ ਵੀ ਸ਼ਹਿਰ ਦੇ ਨੌਜਵਾਨ ਵਾਂਗ ਆਧੁਨਿਕ ਤਕਨੀਕ ਅਤੇ ਹੁਨਰ ਸਿੱਖ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਆਈ.ਟੀ.ਆਈ. ਸੰਸਥਾਵਾਂ ਨੂੰ ਕਰੀਬ 3,000 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਦਯੋਗਾਂ ਅਤੇ ਸਿਖਲਾਈ ਸੰਸਥਾਵਾਂ ਵਿਚਕਾਰ ਐਮ.ਓ.ਯੂ. ਸਾਈਨ ਕਰਕੇ ਮਜ਼ਬੂਤ ਸਾਂਝੇਦਾਰੀ ਕਾਇਮ ਕੀਤੀ ਜਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਉਹੀ ਹੁਨਰ ਮਿਲੇ ਜਿਸ ਦੀ ਉਦਯੋਗਾਂ ਨੂੰ ਅਸਲ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਨਰ ਵਿਕਾਸ ਦਾ ਉਦੇਸ਼ ਸਿਰਫ਼ ਸਰਟੀਫਿਕੇਟ ਦੇਣਾ ਨਹੀਂ, ਸਗੋਂ ਹਰ ਸਿਖਿਅਤ ਨੌਜਵਾਨ ਲਈ ਮਿਆਰੀ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣਾ ਹੈ।
ਨੌਕਰੀ ਮੰਗਣ ਵਾਲੇ ਤੋਂ ਨੌਕਰੀ ਦੇਣ ਵਾਲੇ ਬਣਨ ਵੱਲ ਵਧਣ ਨੌਜਵਾਨ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਨੌਜਵਾਨਾਂ ਦੀ ਸੋਚ ਵਿੱਚ ਬਦਲਾਅ ਲਿਆਉਣਾ ਸਰਕਾਰ ਦੀ ਤਰਜੀਹ ਹੈ। ਨੌਜਵਾਨ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣਨ। ਰੁਜ਼ਗਾਰ ਤਲਾਸ਼ਣ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨ ਦੇ ਮੌਕਿਆਂ ਦੀ ਭਾਲ ਕਰਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਹਰਿਆਣਾ ਵਿੱਚ ਬਿਨਾਂ ਖਰਚੀ-ਬਿਨਾਂ ਪਰਚੀ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਰਕਾਰ ਨੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਰਾਹੀਂ ਕੰਮ ਕਰ ਰਹੇ ਨੌਜਵਾਨਾਂ ਦੇ ਭਵਿੱਖ ਨੂੰ ਕਾਨੂੰਨੀ ਸੁਰੱਖਿਆ ਦੇਣ ਦੀ ਦਿਸ਼ਾ ਵਿੱਚ ਵੀ ਕਦਮ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਦੇ ਇੱਛੁਕ ਨੌਜਵਾਨਾਂ ਨੂੰ ਵਿਚੋਲਿਆਂ ਦੀ ਠੱਗੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਹੈ ਅਤੇ ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ। ਵਿਦੇਸ਼ਾਂ ਤੋਂ ਪ੍ਰਾਪਤ ਰੁਜ਼ਗਾਰ ਦੇ ਮੌਕਿਆਂ ਲਈ ਨੌਜਵਾਨਾਂ ਦਾ ਇੱਥੇ ਹੀ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਮਾਧਿਅਮ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਹੈ ਅਤੇ ਇਸ ਲਈ ਨੌਜਵਾਨਾਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ।
ਐਮ.ਐਸ.ਐਮ.ਈ. ਖੇਤਰ ਬਣੇਗਾ ਯੁਵਾ ਸ਼ਕਤੀ ਦੀ ਆਰਥਿਕ ਤਾਕਤ
ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸੁਪਨੇ ਵੱਡੇ ਉਦਯੋਗਾਂ ਵਿੱਚ ਬਦਲਦੇ ਹਨ ਅਤੇ ਹੁਨਰ ਰੁਜ਼ਗਾਰ ਵਿੱਚ ਬਦਲਦਾ ਹੈ। ਹਰਿਆਣਾ ਵਿੱਚ 14 ਲੱਖ ਤੋਂ ਵੱਧ ਐਮ.ਐਸ.ਐਮ.ਈ. ਕੰਮ ਕਰ ਰਹੇ ਹਨ। ਇਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਨੇ ਹਰਿਆਣਾ ਪ੍ਰਗਤੀਸ਼ੀਲ ਐਮ.ਐਸ.ਐਮ.ਈ. ਅਤੇ ਨਿਰਯਾਤ ਪ੍ਰੋਤਸਾਹਨ ਨੀਤੀ-2026 ਲਾਗੂ ਕੀਤੀ ਹੈ। ਇਸ ਨੀਤੀ ਤਹਿਤ ਆਉਣ ਵਾਲੇ ਪੰਜ ਸਾਲਾਂ ਵਿੱਚ 55,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, 5 ਲੱਖ ਤੋਂ ਵੱਧ ਨਵੇਂ ਰੁਜ਼ਗਾਰ ਪੈਦਾ ਕਰਨ ਅਤੇ ਪ੍ਰਦੇਸ਼ ਦੇ ਨਿਰਯਾਤ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਵੀਂ ਸਟਾਰਟਅੱਪ ਨੀਤੀ ਤਹਿਤ 10,000 ਤੋਂ ਵੱਧ ਸਟਾਰਟਅੱਪ ਸਥਾਪਿਤ ਹੋ ਚੁੱਕੇ ਹਨ। ਨੌਜਵਾਨਾਂ ਦੇ ਵਿਚਾਰਾਂ ਨੂੰ ਉਦਯੋਗ ਵਿੱਚ ਬਦਲਣ ਲਈ ਪੂੰਜੀ ਦੇ ਨਾਲ-ਨਾਲ ਬਿਹਤਰ ਨੀਤੀਆਂ, ਬਾਜ਼ਾਰ, ਬੁਨਿਆਦੀ ਢਾਂਚੇ ਅਤੇ ਉਦਯੋਗਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਇਸ ਹਫ਼ਤੇ ਆਈਡੀਆਥੌਨ ਆਯੋਜਿਤ ਕਰ ਰਹੀ ਹੈ ਜਿਸ ਵਿੱਚ ਕੋਈ ਵੀ ਨੌਜਵਾਨ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ।
10 ਨਵੇਂ ਉਦਯੋਗਿਕ ਮਾਡਲ ਟਾਊਨਸ਼ਿਪ ਨਾਲ ਵਧਣਗੇ ਰੁਜ਼ਗਾਰ ਦੇ ਮੌਕੇ
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਮ.ਟੀ. ਖਰਖੌਦਾ ਦੀ ਸਫਲਤਾ ਤੋਂ ਪ੍ਰੇਰਨਾ ਲੈਂਦਿਆਂ ਸੂਬੇ ਵਿੱਚ 10 ਨਵੇਂ ਉਦਯੋਗਿਕ ਮਾਡਲ ਟਾਊਨਸ਼ਿਪ ਵਿਕਸਤ ਕਰਨ ਦਾ ਵੱਡਾ ਫੈਸਲਾ ਲਿਆ ਗਿਆ ਹੈ। ਇਹ ਸਿਰਫ਼ ਜ਼મીਨ ਅਤੇ ਕਾਰਖਾਨਿਆਂ ਦੇ ਪ੍ਰੋਜੈਕਟ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਦੇ ਪ੍ਰੋਜੈਕਟ ਹਨ। ਇਸ ਨਾਲ ਹੁਨਰਮੰਦ ਕਾਮਿਆਂ, ਇੰਜੀਨੀਅਰਾਂ, ਟੈਕਨੀਸ਼ੀਅਨਾਂ ਅਤੇ ਉਦਯੋਗਪਤੀਆਂ ਲਈ ਰੁਜ਼ਗਾਰ ਅਤੇ ਮੌਕੇ ਵਧਣਗੇ।
ਖੇਡ ਮੈਦਾਨ ਤੋਂ ਅੰਤਰਰਾਸ਼ਟਰੀ ਮੰਚ ਤੱਕ ਪਹੁੰਚੇ ਹਰ ਪ੍ਰਤਿਭਾਸ਼ਾਲੀ ਨੌਜਵਾਨ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਰਥਿਕ ਨਿਰਮਾਣ ਦੇ ਨਾਲ-ਨਾਲ ਸਰੀਰ ਅਤੇ ਕਿਰਦਾਰ ਦਾ ਨਿਰਮਾਣ ਵੀ ਜ਼ਰੂਰੀ ਹੈ ਅਤੇ ਇਸ ਲਈ ਖੇਡਾਂ ਸਭ ਤੋਂ ਮਜ਼ਬੂਤ ਸਰੋਤ ਹਨ। ਹਰਿਆਣਾ ਖੇਡ ਪ੍ਰਤਿਭਾਵਾਂ ਦੀ ਧਰਤੀ ਹੈ ਅਤੇ ਸੂਬੇ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਮੰਚਾਂ ‘ਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਗਲਾਸਗੋ ਵਿੱਚ ਆਯੋਜਿਤ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ 39 ਤਮਗੇ ਜਿੱਤੇ, ਜਿਨ੍ਹਾਂ ਵਿੱਚ 13 ਸੋਨੇ ਦੇ ਤਮਗੇ ਸ਼ਾਮਲ ਹਨ। ਇਨ੍ਹਾਂ 13 ਵਿੱਚੋਂ 7 ਸੋਨੇ ਦੇ ਤਮਗੇ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ ਹਨ। ਇਨ੍ਹਾਂ ਵਿੱਚ 5 ਸੋਨੇ ਦੇ ਤਮਗੇ ਹਰਿਆਣਾ ਦੀਆਂ ਧੀਆਂ ਨੇ ਜਿੱਤੇ ਹਨ। ਇਹ ਸਿਰਫ਼ ਤਮਗਿਆਂ ਦੀ ਗਿਣਤੀ ਨਹੀਂ, ਸਗੋਂ ਸੂਬੇ ਦੇ ਨੌਜਵਾਨਾਂ ਦੀ ਮਿਹਨਤ, ਖਿਡਾਰੀਆਂ ਦੇ ਜਨੂੰਨ ਅਤੇ ਧੀਆਂ ਦੀ ਉਡਾਣ ਦੀ ਕਹਾਣੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਪ੍ਰਤਿਭਾਸ਼ਾਲੀ ਬੱਚੇ ਨੂੰ ਪਿੰਡ ਦੇ ਖੇਡ ਮੈਦਾਨ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਣ ਦਾ ਸਪੱਸ਼ਟ ਰਸਤਾ ਮਿਲੇ। ਸਾਲ 2036 ਤੱਕ ਭਾਰਤ ਨੂੰ ਗਲੋਬਲ ਖੇਡ ਤਾਕਤ ਬਣਾਉਣ ਦੇ ਟੀਚੇ ਵਿੱਚ ਹਰਿਆਣਾ ਦਾ ਯੋਗਦਾਨ ਸਭ ਤੋਂ ਵੱਧ ਹੋਵੇ, ਇਸ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕਰੀਬ 2,000 ਖੇਡ ਨਰਸਰੀਆਂ ਚਲਾਈਆਂ ਜਾ ਰਹੀਆਂ ਹਨ, ਜਿੱਥੇ 40,000 ਤੋਂ ਵੱਧ ਨੌਜਵਾਨ ਸਿਖਲਾਈ ਲੈ ਰਹੇ ਹਨ। ਖਿਡਾਰੀਆਂ ਨੂੰ ਸਿੱਧੀ ਸਰਕਾਰੀ ਨੌਕਰੀ ਦੇਣ ਦੇ ਨਾਲ-ਨਾਲ ਜੇਤੂਆਂ ਨੂੰ ਕਰੋੜਾਂ ਰੁਪਏ ਦੇ ਨਕਦ ਇਨਾਮ ਵੀ ਦਿੱਤੇ ਜਾ ਰਹੇ ਹਨ। ਪਿਛਲੇ ਸਾਢੇ 11 ਸਾਲਾਂ ਵਿੱਚ 16,418 ਖਿਡਾਰੀਆਂ ਨੂੰ 683 ਕਰੋੜ ਰੁਪਏ ਦੇ ਇਨਾਮ ਪ੍ਰਦਾਨ ਕੀਤੇ ਗਏ ਹਨ।
ਯੁਵਾ ਸ਼ਕਤੀ ਵਿੱਚ ਜਗਾਓ ਗਿਆਨ, ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੇ ਦੀਵੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਅਜਿਹੇ ਨੌਜਵਾਨ ਚਾਹੀਦੇ ਹਨ ਜੋ ਸਿਹਤਮੰਦ ਵੀ ਹੋਣ, ਹੁਨਰਮੰਦ ਵੀ ਹੋਣ, ਅਨੁਸ਼ਾਸਿਤ ਵੀ ਹੋਣ ਅਤੇ ਉਦਮੀ ਵੀ ਹੋਣ। ਉਹ ਖੁਦ ਸਫਲ ਹੋਣ ਦੇ ਨਾਲ-ਨਾਲ ਸਮਾਜ ਪ੍ਰਤੀ ਸੰਵੇਦਨਸ਼ੀਲ ਵੀ ਰਹਿਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਯੁਵਾ ਦਿਵਸ ‘ਤੇ ਹਰ ਨੌਜਵਾਨ ਆਪਣੇ ਅੰਦਰ ਤਿੰਨ ਦੀਵੇ ਜਗਾਏ- ਗਿਆਨ ਦਾ ਦੀਵਾ, ਜ਼ਿੰਮੇਵਾਰੀ ਦਾ ਦੀਵਾ ਅਤੇ ਸੰਵੇਦਨਸ਼ੀਲਤਾ ਦਾ ਦੀਵਾ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਅੱਜ ਦੀ ਯੁਵਾ ਸ਼ਕਤੀ ਵਿਕਸਤ ਹਰਿਆਣਾ ਅਤੇ ਵਿਕਸਤ ਭਾਰਤ ਦੀ ਸਭ ਤੋਂ ਮਜ਼ਬੂਤ ਨੀਂਹ ਬਣੇਗੀ।
ਯੁਵਾ ਉੱਦਮਤਾ ਤੇ ਖੇਡ ਰਾਜ ਮੰਤਰੀ ਨੇ ਕੀਤੀ ਹਰਿਆਣਾ ਦੇ ਨੌਜਵਾਨ ਖਿਡਾਰੀਆਂ ਦੀ ਪ੍ਰਸ਼ੰਸਾ
ਹਰਿਆਣਾ ਦੇ ਖੇਡ ਅਤੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਨਾਂਮਾਤਰ ਸਟਾਰਟ-ਅੱਪ ਹੁੰਦੇ ਸਨ ਪਰ ਅੱਜ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮਿਲੀ ਪ੍ਰੇਰਨਾ ਦੇ ਚਲਦਿਆਂ ਦੇਸ਼ ਦੇ ਨੌਜਵਾਨਾਂ ਨੇ ਹਜ਼ਾਰਾਂ ਸਟਾਰਟ-ਅੱਪ ਸਥਾਪਿਤ ਕੀਤੇ ਹਨ ਜਿੱਥੇ ਲੱਖਾਂ ਹੋਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਨੌਜਵਾਨ ਨੌਕਰੀ ਮੰਗਣ ਵਾਲਾ ਨਹੀਂ ਸਗੋਂ ਨੌਕਰੀਆਂ ਦੇਣ ਵਾਲਾ ਬਣ ਰਿਹਾ ਹੈ।
ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਪ੍ਰਧਾਨ ਮੰਤਰੀ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਹਰਿਆਣਾ ਦੇ ਨੌਜਵਾਨਾਂ ਲਈ ਖੇਡਾਂ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਨਵੇਂ ਰਾਹ ਪੱਧਰੇ ਕੀਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਆਪਣੀ ਪ੍ਰੇਰਨਾ ਦਾ ਸਰੋਤ ਬਣਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਰਾਸ਼ਟਰ ਨੂੰ ਅੱਗੇ ਵਧਾਉਣ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਨੌਜਵਾਨਾਂ ਦੀ ਆੜ ਵਿੱਚ ਦੇਸ਼ ਨੂੰ ਅਸਥਿਰ ਕਰਨ ਅਤੇ ਦੇਸ਼ ਦੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਭਾਰਤ ਅਜਿਹੀਆਂ ਬਾਹਰੀ ਤਾਕਤਾਂ ਦੇ ਮਨਸੂਬਿਆਂ ਨੂੰ ਕਦੇ ਪੂਰਾ ਨਹੀਂ ਹੋਣ ਦੇਵੇਗਾ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮਲਾਲ ਬਾਂਸਲ, ਜ਼ਿਲ੍ਹਾ ਪ੍ਰਧਾਨ ਅਜੇ ਮਿੱਤਲ, ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਯੁਵਾ ਅਤੇ ਸਸ਼ਕਤੀਕਰਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਵੀ ਮੌਜੂਦ ਸਨ।