ਬੀਜਿੰਗ,ਨਵੀਂ ਦਿੱਲੀ 12 ਸਤੰਬਰ 2026 (ਹਰਸ਼ਪ੍ਰੀਤ ਕੌਰ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ BRICS ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਸ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਦੁਵੱਲੀ ਮੁਲਾਕਾਤ ਵੀ ਕਰਨਗੇ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਸ਼ੀ ਜਿਨਪਿੰਗ ਦੇ ਦੌਰੇ ਤੋਂ ਪਹਿਲਾਂ BRICS ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਹੈ। ਗਲੋਬਲ ਟਾਈਮਜ਼ ਦੇ ਸੰਪਾਦਕੀ ਮੁਤਾਬਕ, ਮੌਜੂਦਾ ਵਿਸ਼ਵ ਪੱਧਰੀ ਅਸਥਿਰਤਾ ਦੇ ਦੌਰ ਵਿੱਚ BRICS ਦੀ ਭੂਮਿਕਾ ਹੋਰ ਮਹੱਤਵਪੂਰਨ ਹੋ ਰਹੀ ਹੈ। ਅਖ਼ਬਾਰ ਨੇ ਖੁੱਲ੍ਹੇਪਣ, ਸਮਾਵੇਸ਼ੀ ਸਹਿਯੋਗ, ਆਪਸੀ ਲਾਭ ਅਤੇ ਨਿਆਂ ਨੂੰ BRICS ਦੀਆਂ ਮੁੱਖ ਤਾਕਤਾਂ ਵਜੋਂ ਦਰਸਾਇਆ ਹੈ।
ਰਿਪੋਰਟ ਮੁਤਾਬਕ ਸ਼ੀ ਜਿਨਪਿੰਗ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਹੋਰ ਦੇਸ਼ਾਂ ਦੇ ਆਗੂਆਂ ਨਾਲ ਮੌਜੂਦਾ ਅੰਤਰਰਾਸ਼ਟਰੀ ਹਾਲਾਤ, BRICS ਪ੍ਰਣਾਲੀ ਦੇ ਵਿਕਾਸ ਅਤੇ ਵਿਹਾਰਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਚੀਨ ਵੱਲੋਂ BRICS ਦੇ ਭਵਿੱਖੀ ਵਿਕਾਸ ਲਈ ਆਪਣੀਆਂ ਪਹਿਲਕਦਮੀਆਂ ਅਤੇ ਪ੍ਰਸਤਾਵ ਵੀ ਰੱਖੇ ਜਾਣ ਦੀ ਗੱਲ ਕਹੀ ਗਈ ਹੈ। ਗਲੋਬਲ ਟਾਈਮਜ਼ ਨੇ ਕਿਹਾ ਕਿ 2013 ਤੋਂ ਸ਼ੀ ਜਿਨਪਿੰਗ ਨੇ BRICS ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪ੍ਰਸਤਾਵ ਦਿੱਤੇ ਹਨ। ਇਨ੍ਹਾਂ ਵਿੱਚ ‘BRICS Plus’ ਸਹਿਯੋਗ ਮਾਡਲ, ਨਿਊ ਡਿਵੈਲਪਮੈਂਟ ਬੈਂਕ ਅਤੇ BRICS ਦੇ ਵਿਸਥਾਰ ਨਾਲ ਜੁੜੀਆਂ ਪਹਿਲਕਦਮੀਆਂ ਸ਼ਾਮਲ ਹਨ।
ਚੀਨ 2027 ਵਿੱਚ BRICS ਦੀ ਘੁੰਮਣਵੀਂ ਪ੍ਰਧਾਨਗੀ ਸੰਭਾਲੇਗਾ। ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਚੀਨ ਬਹੁਪੱਖੀਵਾਦ ਰਾਹੀਂ ਏਕਤਾ ਨੂੰ ਮਜ਼ਬੂਤ ਕਰਨ ਅਤੇ ਡਿਜੀਟਲ ਅਰਥਵਿਵਸਥਾ, ਹਰੀ ਵਿਕਾਸ, ਆਰਟੀਫਿਸ਼ਲ ਇੰਟੈਲੀਜੈਂਸ, ਗਰੀਬੀ ਘਟਾਉਣ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਜ਼ੋਰ ਦੇਵੇਗਾ। ਭਾਰਤ ਵੱਲੋਂ ਮੇਜ਼ਬਾਨੀ ਕੀਤੇ ਜਾ ਰਹੇ BRICS ਸੰਮੇਲਨ ਦਾ ਥੀਮ “Building for Resilience, Innovation, Cooperation and Sustainability” ਰੱਖਿਆ ਗਿਆ ਹੈ। ਇਸ ਵਿੱਚ ਲਚਕੀਲੇ ਵਿਕਾਸ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਭਾਰਤ BRICS ਨੂੰ ਗਲੋਬਲ ਸਾਊਥ ਦੀਆਂ ਤਰਜੀਹਾਂ ਨਾਲ ਜੁੜੇ ਇੱਕ ਰਚਨਾਤਮਕ ਅਤੇ ਹੱਲ-ਕੇਂਦਰਿਤ ਮੰਚ ਵਜੋਂ ਹੋਰ ਮਜ਼ਬੂਤ ਕਰਨ ’ਤੇ ਧਿਆਨ ਦੇ ਰਿਹਾ ਹੈ।
