ਵਾਸ਼ਿੰਗਟਨ:24 ਸਤੰਬਰ (ਜਗਜੀਤ):ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲੰਬੇ ਅਰਸੇ ਬਾਅਦ ਅਮਰੀਕਾ ਪਹੁੰਚੇ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੋਟੋਕੋਲ ਤੋਂ ਹਟ ਕੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਉਨ੍ਹਾਂ ਦਾ ਖ਼ੁਦ ਸਵਾਗਤ ਕੀਤਾ। ਇਸ ਮੌਕੇ ਟਰੰਪ ਨਾਲ ਫ਼ਰਸਟ ਲੇਡੀ ਮੇਲਾਨੀਆ ਟਰੰਪ ਵੀ ਮੌਜੂਦ ਰਹੀ, ਜਦਕਿ ਸ਼ੀ ਜਿਨਪਿੰਗ ਦੇ ਨਾਲ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਵੀ ਅਮਰੀਕਾ ਪਹੁੰਚੀ।
ਵਿਦੇਸ਼ੀ ਰਾਸ਼ਟਰ ਮੁਖੀ ਦੇ ਸਵਾਗਤ ਲਈ ਅਮਰੀਕੀ ਰਾਸ਼ਟਰਪਤੀ ਦਾ ਖ਼ੁਦ ਏਅਰਪੋਰਟ ’ਤੇ ਪਹੁੰਚਣਾ ਆਮ ਪ੍ਰੋਟੋਕੋਲ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਇਸ ਕਰਕੇ ਸ਼ੀ ਦੇ ਸਵਾਗਤ ਲਈ ਟਰੰਪ ਦੀ ਮੌਜੂਦਗੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਉੱਚ ਪੱਧਰੀ ਕੂਟਨੀਤਕ ਸੰਪਰਕ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ।
ਵ੍ਹਾਈਟ ਹਾਊਸ ਵਿੱਚ ਹੋਵੇਗਾ ਸਟੇਟ ਡਿਨਰ
ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਵਿਖੇ ਸਟੇਟ ਡਿਨਰ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਟਰੰਪ ਅਤੇ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਹੋਣੀ ਹੈ।
ਗੱਲਬਾਤ ਦੌਰਾਨ ਅਮਰੀਕਾ-ਚੀਨ ਵਪਾਰਕ ਸਬੰਧ, ਟੈਰਿਫ਼, ਆਰਟੀਫੀਸ਼ੀਅਲ ਇੰਟੈਲੀਜੈਂਸ, ਤਾਈਵਾਨ ਅਤੇ ਰੂਸ ਨਾਲ ਜੁੜੇ ਮੁੱਦੇ ਚਰਚਾ ਵਿੱਚ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਦੋਵਾਂ ਆਗੂਆਂ ਦੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰ ਅਤੇ ਰਣਨੀਤਕ ਮਾਮਲਿਆਂ ਨੂੰ ਲੈ ਕੇ ਕਈ ਅਹਿਮ ਮੁੱਦੇ ਚਰਚਾ ਵਿੱਚ ਹਨ।







