ਨਵੀਂ ਦਿੱਲੀ, 10 ਜੁਲਾਈ (ਜਗਦੇਵ ਸਿੰਘ ਜੱਗੀ): ਡੈਨਮਾਰਕ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ NovoNordisk ਨੇ ਭਾਰਤ ਵਿੱਚ ‘ਅਵਿਕਲੀ’ (ਇਨਸੁਲਿਨ ਆਈਕੋਡੇਕ) ਲਾਂਚ ਕਰ ਦਿੱਤੀ ਹੈ। ਕੰਪਨੀ ਦੇ ਅਨੁਸਾਰ ਇਹ ਟਾਈਪ-1 ਅਤੇ ਟਾਈਪ-2 ਸ਼ੂਗਰ ਨਾਲ ਪੀੜਤ ਬਾਲਗ ਮਰੀਜ਼ਾਂ ਲਈ ਹਫ਼ਤੇ ਵਿੱਚ ਇੱਕ ਵਾਰ ਲਗਾਈ ਜਾਣ ਵਾਲੀ ਦੁਨੀਆ ਦੀ ਪਹਿਲੀ ਬੇਸਲ ਇਨਸੁਲਿਨ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਇਨਸੁਲਿਨ ਦੇ ਆਉਣ ਨਾਲ ਮਰੀਜ਼ਾਂ ਨੂੰ ਸਾਲਾਨਾ 365 ਇੰਜੈਕਸ਼ਨਾਂ ਦੀ ਥਾਂ ਸਿਰਫ਼ 52 ਇੰਜੈਕਸ਼ਨ ਲਗਵਾਉਣੇ ਪੈਣਗੇ, ਜਿਸ ਨਾਲ ਇਲਾਜ ਨੂੰ ਹੋਰ ਆਸਾਨ ਅਤੇ ਸੁਵਿਧਾਜਨਕ ਬਣਾਇਆ ਜਾ ਸਕੇਗਾ।
ਨੋਵੋ ਨੋਰਡਿਸਕ ਮੁਤਾਬਕ ਰੋਜ਼ਾਨਾ ਇਨਸੁਲਿਨ ਦੇ ਟੀਕਿਆਂ ਦਾ ਡਰ ਕਈ ਮਰੀਜ਼ਾਂ ਲਈ ਇਨਸੁਲਿਨ ਥੈਰੇਪੀ ਸ਼ੁਰੂ ਕਰਨ ਵਿੱਚ ਵੱਡੀ ਰੁਕਾਵਟ ਬਣਦਾ ਹੈ, ਜਿਸ ਕਾਰਨ ਇਲਾਜ ਸ਼ੁਰੂ ਕਰਨ ਵਿੱਚ ਔਸਤਨ 7 ਤੋਂ 9 ਸਾਲ ਦੀ ਦੇਰੀ ਹੋ ਜਾਂਦੀ ਹੈ। ‘ਅਵਿਕਲੀ’ ਦਾ ਮੁੱਖ ਉਦੇਸ਼ ਇਸ ਦੇਰੀ ਨੂੰ ਘਟਾਉਣਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਹੈ।
ਕੰਪਨੀ ਨੇ 700 ਯੂਨਿਟ ਵਾਲਾ ਪੈਕ 2,611 ਰੁਪਏ ਵਿੱਚ ਬਾਜ਼ਾਰ ਵਿੱਚ ਉਤਾਰਿਆ ਹੈ। ਇਸ ਅਨੁਸਾਰ ਪ੍ਰਤੀ ਯੂਨਿਟ ਕੀਮਤ ਕਰੀਬ 3.73 ਰੁਪਏ ਬਣਦੀ ਹੈ, ਜੋ ਮੌਜੂਦਾ ਰੋਜ਼ਾਨਾ ਬੇਸਲ ਇਨਸੁਲਿਨਾਂ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਤੱਕ ਸਸਤੀ ਦੱਸੀ ਜਾ ਰਹੀ ਹੈ।
ਜੇਕਰ ਕਿਸੇ ਮਰੀਜ਼ ਨੂੰ ਰੋਜ਼ਾਨਾ 10 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ ਤਾਂ ਉਸ ਨੂੰ ਹਫ਼ਤੇ ਵਿੱਚ 70 ਯੂਨਿਟ ਇਨਸੁਲਿਨ ਦੀ ਲੋੜ ਪਵੇਗੀ, ਜਿਸ ਦੀ ਅੰਦਾਜ਼ਨ ਲਾਗਤ ਲਗਭਗ 261 ਰੁਪਏ ਪ੍ਰਤੀ ਹਫ਼ਤਾ ਬਣੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਹਫ਼ਤਾਵਾਰੀ ਇਨਸੁਲਿਨ ਦੇ ਆਉਣ ਨਾਲ ਸ਼ੂਗਰ ਦੇ ਮਰੀਜ਼ਾਂ ਲਈ ਇਲਾਜ ਦੀ ਪਾਲਣਾ ਕਰਨਾ ਹੋਰ ਆਸਾਨ ਹੋਵੇਗਾ ਅਤੇ ਲੰਬੇ ਸਮੇਂ ਵਿੱਚ ਬਿਮਾਰੀ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਮਿਲ ਸਕਦੀ ਹੈ।








