Homeਸਪੋਰਟਸਵਿਸ਼ਵ ਕੱਪ ਫਾਈਨਲ ਅੱਜ: ਮੇਸੀ ਦੀ ਅਰਜਨਟੀਨਾ ਅਤੇ ਯਾਮਾਲ ਦੀ ਸਪੇਨ ਆਹਮੋ-ਸਾਹਮਣੇ

ਵਿਸ਼ਵ ਕੱਪ ਫਾਈਨਲ ਅੱਜ: ਮੇਸੀ ਦੀ ਅਰਜਨਟੀਨਾ ਅਤੇ ਯਾਮਾਲ ਦੀ ਸਪੇਨ ਆਹਮੋ-ਸਾਹਮਣੇ

ਖੇਡਾਂ:18 ਜੁਲਾਈ (ਛਤਰਪਾਲ ਸਿੰਘ):ਫੀਫਾ ਵਿਸ਼ਵ ਕੱਪ ਦਾ ਮਹਾਂਮੁਕਾਬਲਾ ਅੱਜ ਫੁੱਟਬਾਲ ਪ੍ਰੇਮੀਆਂ ਲਈ ਖਾਸ ਹੋਣ ਜਾ ਰਿਹਾ ਹੈ, ਜਦੋਂ ਸਪੇਨ ਅਤੇ ਮੌਜੂਦਾ ਚੈਂਪੀਅਨ ਅਰਜਨਟੀਨਾ ਖਿਤਾਬ ਲਈ ਇਕ-ਦੂਜੇ ਦੇ ਸਾਹਮਣੇ ਉਤਰਣਗੇ। ਦੋਵੇਂ ਟੀਮਾਂ ਕਰੀਬ 60 ਸਾਲਾਂ ਬਾਅਦ ਵਿਸ਼ਵ ਕੱਪ ਦੇ ਮੰਚ ‘ਤੇ ਮੁੜ ਆਹਮੋ-ਸਾਹਮਣੇ ਹੋ ਰਹੀਆਂ ਹਨ। ਫਾਈਨਲ ਮੁਕਾਬਲਾ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਰਾਤ 12:30 ਵਜੇ ਸ਼ੁਰੂ ਹੋਵੇਗਾ।

ਸਪੇਨ ਦੀ ਨਜ਼ਰ 2010 ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਟਰਾਫੀ ਜਿੱਤਣ ‘ਤੇ ਹੋਵੇਗੀ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਿਖਾਈ ਹੈ ਅਤੇ ਹੁਣ ਖਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਦੂਜੇ ਪਾਸੇ, ਅਰਜਨਟੀਨਾ ਕੋਲ ਆਪਣਾ ਚੌਥਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਜੇਕਰ ਅਰਜਨਟੀਨਾ ਜਿੱਤਦਾ ਹੈ ਤਾਂ ਉਹ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ।

ਮੇਸੀ ਅਤੇ ਯਾਮਾਲ ‘ਤੇ ਟਿਕੀਆਂ ਨਜ਼ਰਾਂ

ਫਾਈਨਲ ਦੀ ਸਭ ਤੋਂ ਵੱਡੀ ਖਿੱਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਅਤੇ ਸਪੇਨ ਦੇ ਨੌਜਵਾਨ ਸਟਾਰ ਲਾਮਿਨ ਯਾਮਾਲ ਵਿਚਕਾਰ ਮੁਕਾਬਲਾ ਹੈ। ਮੇਸੀ ਜਿੱਥੇ ਆਪਣੇ ਕਰੀਅਰ ਦੇ ਆਖਰੀ ਪੜਾਅ ਵਿੱਚ ਇੱਕ ਹੋਰ ਇਤਿਹਾਸਕ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ, ਉੱਥੇ 19 ਸਾਲਾ ਯਾਮਾਲ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਆਪਣੀ ਛਾਪ ਛੱਡਣ ਲਈ ਤਿਆਰ ਹੈ।

ਫੁੱਟਬਾਲ ਜਗਤ ਵਿੱਚ ਮੇਸੀ ਅਤੇ ਯਾਮਾਲ ਦੀ ਪੁਰਾਣੀ ਤਸਵੀਰ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਰੀਬ 19 ਸਾਲ ਪਹਿਲਾਂ ਬਾਰਸੀਲੋਨਾ ਦੇ ਇੱਕ ਚੈਰਿਟੀ ਫੋਟੋਸ਼ੂਟ ਦੌਰਾਨ ਨੌਜਵਾਨ ਮੇਸੀ ਨੇ ਬੱਚੇ ਯਾਮਾਲ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਸੀ। ਹੁਣ ਉਹੀ ਯਾਮਾਲ ਵੱਡਾ ਹੋ ਕੇ ਅੰਤਰਰਾਸ਼ਟਰੀ ਮੰਚ ‘ਤੇ ਆਪਣੇ ਆਦਰਸ਼ ਖਿਡਾਰੀ ਮੇਸੀ ਦੇ ਖਿਲਾਫ ਮੈਦਾਨ ਵਿੱਚ ਉਤਰੇਗਾ।

ਗੋਲਾਂ ਦੇ ਮਾਮਲੇ ਵਿੱਚ ਮੇਸੀ ਅੱਗੇ

ਇਸ ਵਿਸ਼ਵ ਕੱਪ ਵਿੱਚ ਲਿਓਨਲ ਮੇਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਗੋਲ ਕੀਤੇ ਹਨ ਅਤੇ 4 ਅਸਿਸਟ ਵੀ ਦਿੱਤੇ ਹਨ। ਉਹ ‘ਗੋਲਡਨ ਬੂਟ’ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਸਪੇਨ ਵੱਲੋਂ ਮਿਕੇਲ ਓਯਾਰਜ਼ਾਬਾਲ ਨੇ 5 ਗੋਲ ਕੀਤੇ ਹਨ, ਜਦਕਿ ਲਾਮਿਨ ਯਾਮਾਲ ਆਪਣੀ ਤੇਜ਼ ਰਫ਼ਤਾਰ ਅਤੇ ਡ੍ਰਿਬਲਿੰਗ ਕਾਰਨ ਟੂਰਨਾਮੈਂਟ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਵਿੱਚ ਸ਼ਾਮਲ ਰਿਹਾ ਹੈ।

ਹੈੱਡ-ਟੂ-ਹੈੱਡ ਰਿਕਾਰਡ ਬਰਾਬਰ

ਸਪੇਨ ਅਤੇ ਅਰਜਨਟੀਨਾ ਵਿਚਕਾਰ ਹੁਣ ਤੱਕ 14 ਮੁਕਾਬਲੇ ਹੋ ਚੁੱਕੇ ਹਨ। ਦੋਵੇਂ ਟੀਮਾਂ ਨੇ 6-6 ਜਿੱਤਾਂ ਦਰਜ ਕੀਤੀਆਂ ਹਨ, ਜਦਕਿ 2 ਮੈਚ ਡਰਾਅ ਰਹੇ ਹਨ। ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਸਿਰਫ਼ ਇੱਕ ਵਾਰ 1966 ਵਿੱਚ ਮਿਲੀਆਂ ਸਨ, ਜਿੱਥੇ ਅਰਜਨਟੀਨਾ ਨੇ ਸਪੇਨ ਨੂੰ 2-1 ਨਾਲ ਹਰਾਇਆ ਸੀ।

ਦੋਵਾਂ ਦਾ ਆਖਰੀ ਮੁਕਾਬਲਾ 2018 ਵਿੱਚ ਦੋਸਤਾਨਾ ਮੈਚ ਵਿੱਚ ਹੋਇਆ ਸੀ, ਜਿਸ ਵਿੱਚ ਸਪੇਨ ਨੇ ਅਰਜਨਟੀਨਾ ਨੂੰ 6-1 ਦੇ ਵੱਡੇ ਫਰਕ ਨਾਲ ਮਾਤ ਦਿੱਤੀ ਸੀ। ਹੁਣ ਫਾਈਨਲ ਵਿੱਚ ਦੋਵੇਂ ਟੀਮਾਂ ਇਤਿਹਾਸ ਬਦਲਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਣਗੀਆਂ।

RELATED ARTICLES
- Advertisment -
Google search engine
Google search engine
Google search engine

Most Popular

Recent Comments