Home ਸਪੋਰਟਸ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫਲ ਮੇਜ਼ਬਾਨੀ ਨਾਲ ਪੰਜਾਬ ਨੇ ਵਿਸ਼ਵ ਹਾਕੀ ਵਿੱਚ...

ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫਲ ਮੇਜ਼ਬਾਨੀ ਨਾਲ ਪੰਜਾਬ ਨੇ ਵਿਸ਼ਵ ਹਾਕੀ ਵਿੱਚ ਦਰਜ ਕਰਵਾਈ ਨਵੀਂ ਪਛਾਣ, 2030 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਦਾਅਵਾ ਹੋਇਆ ਮਜ਼ਬੂਤ

Punjab Strengthens Its Position in World Hockey After Successfully Hosting the Asian Champions Trophy 2026; Harmanpreet Singh Named Best Player and Top Scorer.

0

ਹਰਮਨਪ੍ਰੀਤ ਸਿੰਘ ਬਣੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਤੇ 10 ਗੋਲਾਂ ਨਾਲ ਟਾਪ ਸਕੋਰਰ, ਕ੍ਰਿਸ਼ਨ ਬਹਾਦਰ ਪਾਠਕ ਨੂੰ ਮਿਲਿਆ ਸਰਵੋਤਮ ਗੋਲਕੀਪਰ ਦਾ ਐਵਾਰਡ

ਚੰਡੀਗੜ੍ਹ/ਮੋਹਾਲੀ, 7 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਵਿੱਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026’ ਦੀ ਸਫਲ ਮੇਜ਼ਬਾਨੀ ਨੇ ਸੂਬੇ ਨੂੰ ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ ’ਤੇ ਇੱਕ ਨਵੀਂ ਪਛਾਣ ਦਿਵਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ਦਾ ਟੀਚਾ ਇਸ ਟੂਰਨਾਮੈਂਟ ਰਾਹੀਂ ਅੱਗੇ ਵਧਿਆ ਹੈ। ਮੋਹਾਲੀ ਅਤੇ ਜਲੰਧਰ ਵਿੱਚ ਹੋਏ ਮੁਕਾਬਲਿਆਂ ਨੇ ਨਾ ਸਿਰਫ਼ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਿਆ, ਸਗੋਂ 2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦੀ ਦਾਅਵੇਦਾਰੀ ਨੂੰ ਵੀ ਮਜ਼ਬੂਤ ਕੀਤਾ ਹੈ। ਭਾਰਤੀ ਹਾਕੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ ਅਤੇ ਆਪਣੇ ਸਾਰੇ ਸੱਤ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਇਨ੍ਹਾਂ ਵਿੱਚ ਜਲੰਧਰ ਵਿਖੇ ਖੇਡੇ ਗਏ ਪੰਜ ਲੀਗ ਮੈਚ ਅਤੇ ਮੋਹਾਲੀ ਵਿੱਚ ਹੋਏ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਸ਼ਾਮਲ ਸਨ। ਇਸ ਜਿੱਤ ਨਾਲ ਭਾਰਤ ਨੇ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਹੀ 2023 ਅਤੇ 2024 ਤੋਂ ਬਾਅਦ ਲਗਾਤਾਰ ਤੀਜੀ ਵਾਰ ਖਿਤਾਬ ਜਿੱਤ ਕੇ ਹੈਟ੍ਰਿਕ ਵੀ ਪੂਰੀ ਕੀਤੀ।

ਫਾਈਨਲ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ

ਫਾਈਨਲ ਮੁਕਾਬਲੇ ਵਿੱਚ ਜਾਪਾਨ ਨੇ ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੁਮੋਤੋ ਦੇ ਗੋਲ ਨਾਲ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਅਤੇ ਪਹਿਲੇ ਅੱਧ ਤੱਕ ਆਪਣੀ ਬੜ੍ਹਤ ਕਾਇਮ ਰੱਖੀ। ਪਰ ਦੂਜੇ ਅੱਧ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਵਾਪਸੀ ਕੀਤੀ। 42ਵੇਂ ਮਿੰਟ ਵਿੱਚ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਸਕੋਰ ਬਰਾਬਰ ਕੀਤਾ। ਇਸ ਤੋਂ ਬਾਅਦ 47ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ, 52ਵੇਂ ਮਿੰਟ ਵਿੱਚ ਜੁਗਰਾਜ ਸਿੰਘ ਅਤੇ 53ਵੇਂ ਮਿੰਟ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਹਰਮਨਪ੍ਰੀਤ ਸਿੰਘ ਨੇ 250 ਅੰਤਰਰਾਸ਼ਟਰੀ ਗੋਲਾਂ ਦਾ ਅੰਕੜਾ ਛੂਹਿਆ

ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ, ਜਦਕਿ 10 ਗੋਲਾਂ ਨਾਲ ਉਹ ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਬਣੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ 250 ਗੋਲ ਪੂਰੇ ਕਰਨ ਦੀ ਮਹੱਤਵਪੂਰਨ ਉਪਲਬਧੀ ਵੀ ਹਾਸਲ ਕੀਤੀ।ਮਲੇਸ਼ੀਆ ਵਿਰੁੱਧ ਲੀਗ ਮੈਚ ਵਿੱਚ ਉਨ੍ਹਾਂ ਵੱਲੋਂ ਲਗਾਈ ਗਈ ਹੈਟ੍ਰਿਕ ਅਤੇ ਫਾਈਨਲ ਸਮੇਤ ਅਹਿਮ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਅਗਵਾਈ ਨੇ ਭਾਰਤੀ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ।

ਕ੍ਰਿਸ਼ਨ ਬਹਾਦਰ ਪਾਠਕ ਨੂੰ ਸਰਵੋਤਮ ਗੋਲਕੀਪਰ ਦਾ ਸਨਮਾਨ

ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਐਲਾਨਿਆ ਗਿਆ। ਉਨ੍ਹਾਂ ਨੇ ਕਈ ਅਹਿਮ ਮੌਕਿਆਂ ’ਤੇ ਵਿਰੋਧੀ ਟੀਮਾਂ ਦੇ ਹਮਲਿਆਂ ਨੂੰ ਰੋਕ ਕੇ ਭਾਰਤ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਬਣਾਇਆ। ਖ਼ਾਸ ਤੌਰ ’ਤੇ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਰੁੱਧ ਲੀਗ ਮੈਚਾਂ ਵਿੱਚ ਪੈਨਲਟੀ ਕਾਰਨਰਾਂ ਦੌਰਾਨ ਉਨ੍ਹਾਂ ਦੇ ਬਚਾਅ ਕਾਬਿਲੇ-ਤਾਰੀਫ਼ ਰਹੇ।

ਮੋਹਾਲੀ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ

ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਨੇ ਪਹਿਲੀ ਵਾਰ ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ। ਸਟੇਡੀਅਮ ਵਿੱਚ ਦਰਸ਼ਕਾਂ ਦੀ ਭਾਰੀ ਹਾਜ਼ਰੀ, ਖੇਡ ਪ੍ਰੇਮੀਆਂ ਦਾ ਉਤਸ਼ਾਹ ਅਤੇ ਪ੍ਰਬੰਧਕੀ ਸਹੂਲਤਾਂ ਨੇ ਵਿਦੇਸ਼ੀ ਟੀਮਾਂ, ਅਧਿਕਾਰੀਆਂ ਅਤੇ ਦਰਸ਼ਕਾਂ ਦਾ ਧਿਆਨ ਖਿੱਚਿਆ। ਇੱਥੇ ਸੈਮੀਫਾਈਨਲ, ਕਾਂਸੀ ਦੇ ਤਗਮੇ ਲਈ ਮੁਕਾਬਲਾ ਅਤੇ ਫਾਈਨਲ ਖੇਡੇ ਗਏ।

ਜਲੰਧਰ ਵਿੱਚ ਵੀ ਹਾਕੀ ਪ੍ਰੇਮੀਆਂ ਦਾ ਭਾਰੀ ਉਤਸ਼ਾਹ

ਜਲੰਧਰ ਦੇ ਇਤਿਹਾਸਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਲੀਗ ਪੜਾਅ ਦੇ ਸਾਰੇ ਪੰਜ ਮੁਕਾਬਲੇ ਕਰਵਾਏ ਗਏ। ਭਾਰਤ ਨੇ ਬੰਗਲਾਦੇਸ਼ ਨੂੰ 13-0 ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਮਲੇਸ਼ੀਆ ਵਿਰੁੱਧ 4-2 ਦੀ ਜਿੱਤ ਸਮੇਤ ਹੋਰ ਮੁਕਾਬਲਿਆਂ ਦੌਰਾਨ ਵੀ ਦਰਸ਼ਕਾਂ ਨੇ ਖਿਡਾਰੀਆਂ ਦਾ ਭਰਪੂਰ ਉਤਸ਼ਾਹ ਵਧਾਇਆ।

2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦੀ ਦਾਅਵੇਦਾਰੀ ਨੂੰ ਬਲ

ਮੋਹਾਲੀ ਅਤੇ ਜਲੰਧਰ ਵਿੱਚ ਟੂਰਨਾਮੈਂਟ ਦੇ ਸਫਲ ਪ੍ਰਬੰਧਾਂ ਨੇ ਇਹ ਦਰਸਾਇਆ ਹੈ ਕਿ ਪੰਜਾਬ ਕੋਲ ਵੱਡੇ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਕਰਵਾਉਣ ਲਈ ਲੋੜੀਂਦਾ ਖੇਡ ਬੁਨਿਆਦੀ ਢਾਂਚਾ, ਦਰਸ਼ਕਾਂ ਦਾ ਸਹਿਯੋਗ ਅਤੇ ਖੇਡ ਸੱਭਿਆਚਾਰ ਮੌਜੂਦ ਹੈ। ਇਸ ਸਫਲਤਾ ਨੂੰ 2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦੀ ਦਾਅਵੇਦਾਰੀ ਦੇ ਹੱਕ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ 1966 ਦੀਆਂ ਏਸ਼ਿਆਈ ਖੇਡਾਂ, 1975 ਦੇ ਹਾਕੀ ਵਿਸ਼ਵ ਕੱਪ ਅਤੇ 1980 ਮਾਸਕੋ ਓਲੰਪਿਕ ਵਿੱਚ ਸੋਨ ਤਗਮੇ ਜਿੱਤਣ ਵਾਲੇ ਭਾਰਤੀ ਹਾਕੀ ਦੇ ਸਾਬਕਾ ਦਿੱਗਜ ਖਿਡਾਰੀਆਂ ਤੋਂ ਇਲਾਵਾ 2024 ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੇ ਵੀ ਸ਼ਿਰਕਤ ਕੀਤੀ। ਪੰਜਾਬ ਵਿੱਚ ਹੋਏ ਇਸ ਵੱਕਾਰੀ ਟੂਰਨਾਮੈਂਟ ਨੇ ਇੱਕ ਵਾਰ ਫਿਰ ਸੂਬੇ ਦੀ ਹਾਕੀ ਵਿਰਾਸਤ, ਨਵੀਂ ਪੀੜ੍ਹੀ ਦੇ ਖਿਡਾਰੀਆਂ ਦੀ ਪ੍ਰਤਿਭਾ ਅਤੇ ਭਾਰਤੀ ਹਾਕੀ ਦੀਆਂ ਪ੍ਰਾਪਤੀਆਂ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ ਹੈ।

 

Exit mobile version